• globalnewsnetin

ਦਿੱਲੀ ਦੇ ਪ੍ਰਦੂਸ਼ਣ ਤੇ ਪਰਾਲੀ ਸਾੜਨ ਦੀ ਕੜੀ ਸਬੰਧੀ ਨਵੇਂ ਅੰਕੜਿਆਂ ਦਾ ਸਵਾਗਤ, ਪੰਜਾਬ ਦੇ ਪੱਖ ਦੀ ਪੁਸ਼ਟੀ ਹੋਈ


ਦਿੱਲੀ ਵਾਸੀਆਂ ਦੇ ਹੱਕਾਂ ਦੀ ਰਾਖੀ ਪ੍ਰਤੀ ਆਪਣੀ ਨਾਕਾਮੀ ਤੋਂ ਧਿਆਨ ਭਟਕਾਉਣ ਲਈ ਝੂਠ ਫੈਲਾਉਣ ਅਤੇ ਤੱਥਾਂ ਤੋਂ ਇਨਕਾਰੀ ਹੋਣ ਲਈ ਕੇਜਰੀਵਾਲ ਦੀ ਕੀਤੀ ਸਖਤ ਆਲੋਚਨਾ

ਚੰਡੀਗੜ, : ਦਿੱਲੀ ਦੇ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਦੀ ਕੜੀ ਨੂੰ ਦਰਸਾਉਦੇ ਨਵੇਂ ਅੰਕੜਿਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਕੌਮੀ ਰਾਜਧਾਨੀ ਦੇ ਵਾਤਾਵਰਣ ਨੂੰ ਬਚਾਉਣ ਵਿੱਚ ਹੋਈ ਆਪਣੀ ਨਾਕਾਮੀ ’ਤੇ ਪਰਦਾ ਪਾਉਣ ਅਤੇ ਇਸ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਝੂਠ ਬੋਲਣਾ ਬੰਦ ਕਰਨ। ਉਨਾਂ ਕਿਹਾ ਕਿ ਇਨਾਂ ਅੰਕੜਿਆਂ ਨਾਲ ਇਸ ਮੁੱਦੇ ’ਤੇ ਪੰਜਾਬ ਸਰਕਾਰ ਦੇ ਪੱਖ ਦੀ ਪੁਸ਼ਟੀ ਹੋਈ ਹੈ।

ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਵੱਲੋਂ ਇਹ ਆਖੇ ਜਾਣ ਤੋਂ ਕੁਝ ਘੰਟੇ ਬਾਅਦ ਕਿ ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ) ਦੇ 2.5 ਪਾਰਟੀਕਲ ਮੈਟਰ ਵਿਚ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦਾ ਹਿੱਸਾ ਮਹਿਜ 4 ਫੀਸਦੀ ਹੈ ਅਤੇ ਬਾਕੀ ਸਥਾਨਕ ਕਾਰਨਾਂ ਦਾ ਯੋਗਦਾਨ ਹੈ, ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਇਸ ਮੁੱਦੇ ਬਾਰੇ ਆਏ ਵਿਸਥਾਰਤ ਅਧਿਐਨ ਦੇ ਨਤੀਜਿਆਂ ਨੂੰ ਨਾ ਪ੍ਰਵਾਨ ਕਰਨ ਲਈ ਸਖਤ ਆਲੋਚਨਾ ਕੀਤੀ।

ਦਿੱਲੀ ਦੇ ਮੁੱਖ ਮੰਤਰੀ ਦੀ ਟਿੱਪਣੀ ਕਿ ‘ਨਾ ਮੰਨਣ ਨਾਲ ਕੋਈ ਸਹਾਇਤਾ ਨਹੀਂ ਹੋਣੀ’ ਬਾਰੇ ਪ੍ਰਤੀਕਿਰਿਆ ਪ੍ਰਗਟਾਉਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਇਹ ਕੇਜਰੀਵਾਲ ਹੈ ਜਿਸਨੇ ਸੱਚਾਈ ਤੋਂ ਮੁਖ ਮੋੜਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੇਜਰੀਵਾਲ ਦਿੱਲੀ ਦੇ ਸੰਕਟ ਨਾਲ ਨਜਿੱਠਣ ਲਈ ਗੰਭੀਰ ਹੈ ਤਾਂ ਉਸਨੂੰ ਤੁਰੰਤ ਸੱਚਾਈ ਨੂੰ ਨਾ ਮੰਨਣਾ ਛੱਡਕੇ ਢੁੱਕਵੇਂ ਹੱਲ ਲੱਭਣ ਲਈ ਤਹਿ ਤੱਕ ਜਾ ਕੇ ਕੰਮ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਅਸਲੀ ਸਥਿਤੀ ਬਾਰੇ ਦਿੱਲੀ ਵਾਸੀਆਂ ਨੂੰ ਹਨੇਰੇ ਵਿੱਚ ਰੱਖਣ ਦੇ ਆਪਣੇ ਏਜੰਡੇ ਤਹਿਤ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ, ਜਿਸ ਸਥਿਤੀ ਨਾਲ ਕਈ ਸਾਲਾਂ ਤੋਂ ਉਨਾਂ ਦੀ ਸਰਕਾਰ ਨਜਿੱਠਣ ਵਿੱਚ ਬੁਰੀ ਤਰਾਂ ਅਸਫਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਸਲ ਵਿੱਚ ਅਜਿਹੇ ਤੱਥ ਨਹੀਂ ਜੋ ਦਿੱਲੀ ਦੇ ਮੁੱਖ ਮੰਤਰੀ ਦੇ ਦਾਅਵਿਆਂ ਦਾ ਸਮਰਥਨ ਕਰਦੇ ਹੋਣ ਅਤੇ ਇਸ ਤੋਂ ਉਲਟ, ਅਧਿਐਨ ਦਰਸਾਉਦੇ ਹਨ ਕਿ ਪਰਾਲੀ ਸਾੜਨਾ ਕੌਮੀ ਰਾਜਧਾਨੀ ਦੀ ਸਮੱਸਿਆ ਦੀ ਬਹੁਤ ਹੀ ਛੋਟਾ ਵਜਾ ਹੈ।

ਜ਼ਿਕਰਯੋਗ ਹੈ ਕਿ ਵਿਗਿਆਨਕ ਸਿੱਖਿਆ ਅਤੇ ਖੋਜ ਬਾਰੇ ਭਾਰਤੀ ਸੰਸਥਾਨ (ਆਈ.ਆਈ.ਐਸ.ਈ.ਆਰ.) ਨੇ 2018 ਅਤੇ 2019 ਦੇ ਅੰਕੜਿਆਂ ’ਤੇ ਆਧਾਰਿਤ ਆਪਣੇ ਖੋਜ ਪੱਤਰ ਵਿੱਚ ਸਾਹਮਣੇ ਲਿਆਂਦਾ ਕਿ ਦਿੱਲੀ ਦਾ ਪ੍ਰਦੂਸ਼ਣ ਸਥਾਨਕ ਕਾਰਨਾਂ ਕਰਕੇ ਹੈ ਅਤੇ ਇਸ ਦੀ ਵਜਾ ਪੰਜਾਬ ਜਾਂ ਐਨ.ਸੀ.ਆਰ ਵਿਚ ਪਰਾਲੀ ਸਾੜਨਾ ਨਹੀਂ ਹੈ। ਇਸ ਨੇ ਦਰਸਾਇਆ ਕਿ ਪੰਜਾਬ ਦਾ ਹਵਾ ਗੁਣਵੱਤਾ ਸੂਚਕ (ਏ.ਕਿਊ.ਆਈ) ਦਿੱਲੀ ਨਾਲੋਂ ਬਹੁਤ ਬਿਹਤਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਅਜਿਹਾ ਪੱਖ ਹੈ ਜਿਸ ਨੂੰ ਪੰਜਾਬ ਪਿਛਲੇ ਕਈ ਸਾਲਾਂ ਤੋਂ ਰੱਖ ਰਿਹਾ ਹੈ ਕਿਉਜੋ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਦਿੱਲੀ ਦੇ ਬੁਰੇ ਵਾਤਾਰਵਣ ਦੇ ਨੇੜੇ ਤੇੜੇ ਵੀ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ, ਜਿਸ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੌਮੀ ਰਾਜਧਾਨੀ ਦੇ ਬੁਰੀ ਤਰਾਂ ਮਾੜੇ ਹਵਾ ਗੁਣਵੱਤਾ ਸੂਚਕ ਲਈ ਪੰਜਾਬ ਵਿਚ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਵੱਲੋਂ ਦਿੱਲੀ ਵਿਚ ਵਾਤਾਵਰਣ ਬਚਾਉਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੁਕੰਮਲ ਅਸਫਲਤਾ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਢੀਠਤਾ ਭਰੇ ਝੂਠ ਦੀ ਆੜ ਲਈ ਜਾ ਰਹੀ ਹੈ।

‘‘ਅੱਜ ਵੀ, ਪੰਜਾਬ ਵਿੱਚ ਅਸਮਾਨ ਸਾਫ ਹੈ ਅਤੇ ਹਵਾ ਗੁਣਵੱਤਾ ਸੂਚਕ ਦਿੱਲੀ ਦੇ ਮੁਕਾਬਲੇ ਬਹੁਤ ਵਧੀਆ ਹੈ’’, ਇਹ ਟਿੱਪਣੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਕੋਈ ਬੱਚਾ ਵੀ ਦੋਵਾਂ ਵਿਚਲਾ ਫਰਕ ਵੇਖ ਸਕਦਾ ਹੈ। ਉਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਲਗਾਤਾਰ ਇਸਨੂੰ ਅੱਖੋਂ ਪਰੋਖੇ ਰੱਖਿਆ ਅਤੇ ਅਜਿਹੇ ਹਾਲਾਤ ਪੈਦਾ ਹੋਣ ਪਿਛਲੀ ਆਪਣੀ ਅਸਫਲਤਾ ’ਤੇ ਪਰਦਾ ਪਾਉਣ ਲਈ ਪੰਜਾਬ ਨੂੰ ਦੋਸ਼ੀ ਠਹਿਰਾਉਣ ਦੇ ਯਤਨ ਕੀਤੇ।

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਥੇ ਬਹੁਤ ਸਪੱਸ਼ਟ ਸੰਕੇਤ ਹਨ ਕਿ ਦਿੱਲੀ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਉਸਾਰੀ, ਮਲਬਾ ਤੇ ਗਰਦ ਆਦਿ ਹਨ, ਜੋ ਸਾਰੇ ਹਵਾ ਵਿੱਚ ਪ੍ਰਦੂਸ਼ਣ ਦੇ ਕਣਾਂ ਨੂੰ ਭੇਜਦੇ ਹਨ। ਉਨਾਂ ਕਿਹਾ ਕਿ ਸਰਦੀਆਂ ਵਿੱਚ ਮੌਸਮ ਦੇ ਹਾਲਾਤਾਂ ਸਦਕਾ ਇਹ ਕਣ ਲੰਮਾਂ ਸਮਾਂ ਹਵਾ ਵਿੱਚ ਠਹਿਰਦੇ ਹਨ ਜਿਸ ਕਰਕੇ ਸਥਿਤੀ ਬੁਰੀ ਬਣਦੀ ਹੈ, ਜੋ ਕੇਜਰੀਵਾਲ ਤੋਂ ਇਲਾਵਾ ਹਰ ਇਕ ਸਾਫ ਵੇਖ ਸਕਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਪਰਾਲੀ ਸਾੜਨ ਦੀ ਸਮੱਸਿਆ ਨੂੰ ਘਟਾਉਣ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਹਵਾ ਨੂੰ ਪੂਰੀ ਤਰਾਂ ਸਾਫ ਰੱਖਿਆ ਜਾ ਸਕੇ, ਪਰ ਬਦਕਿਸਮਤੀ ਨਾਲ ਕਿਸਾਨ ਇਸ ਉਦੇਸ਼ ਲਈ ਵਿੱਤੀ ਸਹਾਇਤਾ ਦੀ ਅਣਹੋਂਦ ਕਾਰਨ ਪਰਾਲੀ ਜਾਂ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਨਾਂ ਅੱਗੇ ਕਿਹਾ ਕਿ ਨਗਦ ਸਹਾਇਤਾ ਲਈ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਕੋਈ ਉਸਾਰੂ ਹੁੰਗਾਰਾ ਨਹੀਂ ਭਰਿਆ ਗਿਆ। ਉਨਾਂ ਪੰਜਾਬ ਵਿਚ ਪਰਾਲੀ ਸਾੜਨ ਦੀ ਸਮੱਸਿਆ ਦੇ ਖਾਤਮੇ ਲਈ ਕੇਂਦਰ ਪਾਸੋਂ ਪ੍ਰਤੀ ਕੁਇੰਟਲ 100 ਰੁਪਏ ਦੀ ਵਿੱਤੀ ਸਹਾਇਤਾ ਦੀ ਆਪਣੀ ਮੰਗ ਨੂੰ ਦੁਹਰਾਇਆ।

 Global Newsletter

  • Facebook
  • social-01-512
  • Twitter
  • LinkedIn
  • YouTube