top of page
  • globalnewsnetin

ਪੰਜਾਬ ਉਦਯੋਗਾਂ ਤੇ ਹਾਊਸਿੰਗ ਨਾਲ ਸਬੰਧਤ ਮਸਲਿਆਂ ਦੇ ਨਿਪਟਾਰੇ ਲਈ ‘ਕੋਰ ਗਰੁੱਪ’ ਦਾ ਗਠਨ ਕਰੇਗਾ: ਅਮਨ ਅਰੋੜਾ


ਸੂਬੇ ਵਿੱਚ ਸੁਖਾਲੇ ਅਤੇ ਸੁਚੱਜੇ ਢੰਗ ਨਾਲ ਕਾਰੋਬਾਰ ਕਰਨ ਨੂੰ ਹੁਲਾਰਾ ਦੇਣ ਲਈ ਇੱਕ ਹੋਰ ਕਦਮ ਪੁੱਟਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਦਯੋਗਾਂ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਨਾਲ ਸਬੰਧਤ ਮਸਲਿਆਂ ਦੇ ਸੁਚਾਰੂ ਨਿਪਟਾਰੇ ਲਈ ‘ਕੋਰ ਗਰੁੱਪ’ ਬਣਾਉਣ ਦਾ ਫੈਸਲਾ ਕੀਤਾ ਹੈ। ਗਰੁੱਪ ਵਿੱਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ , ਉਦਯੋਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ।

ਇਹ ਜਾਣਕਾਰੀ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਇੱਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਲਿਸਟਜ਼ (ਸੀ.ਆਈ.ਆਈ.) ਦੇ ਮੁੱਖ ਦਫਤਰ ਵਿਖੇ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਮਕਾਨ ਉਸਾਰੀ ਵਿਭਾਗ ਵੱਲੋਂ ਉਦਯੋਗਪਤੀਆਂ ਨੂੰ 45 ਦਿਨਾਂ ਦੇ ਅੰਦਰ-ਅੰਦਰ ਹਰ ਤਰ੍ਹਾਂ ਦੀ ਮਨਜ਼ੂਰੀ ਦੇਣਾ ਯਕੀਨੀ ਬਣਾਉਣ ਲਈ ਇੱਕ ਪੁਖ਼ਤਾ ਤੇ ਸੁਚਾਰੂ ਵਿਧੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਉਦਯੋਗ ਸਥਾਪਿਤ ਕਰਨ ਦੇ ਚਾਹਵਾਨ ਨਿਵੇਸ਼ਕਾਂ ਨੂੰ ਸੁਖਾਲੇ ਢੰਗ ਨਾਲ ਉਦਯੋਗਿਕ ਪਲਾਟ ਉਪਲਬਧ ਕਰਵਾਉਣ ਲਈ ਵੀ ਯਤਨ ਜਾਰੀ ਹਨ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਸੂਬੇ ਵਿੱਚ ਸਨਅਤ ਲਿਆਉਣ ਅਤੇ ਪੰਜਾਬ ਨੂੰ ਦੇਸ਼ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਾਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਪੰਜਾਬ ਵਿੱਚ ਉਦਯੋਗਾਂ ਸਬੰਧੀ ਸ਼ਖਤ ਨੀਤੀ ਹੋਣ ਦੀ ਗੱਲ ਕਬੂਲਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸਖ਼ਤ ਨੀਤੀ ਅਤੇ ਇਸ ਦੀ ਪਾਲਣਾ ਨਾ ਹੋਣ ਕਾਰਨ ਹੀ ਸੂਬਾ ਨਵੇਂ ਉਦਯੋਗਾਂ ਨੂੰ ਆਕਰਸ਼ਿਤ ਕਰਨ ਵਿੱਚ ਅਸਫ਼ਲ ਰਿਹਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਦੀ ਵੱਡੀ ਸਮਰੱਥਾ ਅਤੇ ਢੁਕਵਾਂ ਮਾਹੌਲ ਮੌਜੂਦ ਹੈ, ਜੋ ਸੂਬੇ ਨੂੰ ਖੁਸ਼ਹਾਲੀ ਦੀਆਂ ਲੀਹਾਂ ’ਤੇ ਪਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇੱਕ ਕਦਮ ਅੱਗੇ ਵਧਦਿਆਂ ਪੰਜਾਬ ਸਰਕਾਰ ਕਾਰੋਬਾਰ ਸਥਾਪਤ ਕਰਨ ਵਿੱਚ ਸੌਖ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਹੁਣ ਆਸਾਨ ਰਹਿਣ-ਸਹਿਣ ‘ਤੇ ਵੀ ਵਿਸ਼ੇਸ਼ ਧਿਆਨ ਦੇਵੇਗੀ ਤਾਂ ਜੋ ਉਦਯੋਗਪਤੀਆਂ ਨੂੰ ਪੰਜਾਬ ਨੂੰ ਆਪਣੇ ਪਿੱਤਰੀ ਰਾਜ ਵਜੋਂ ਚੁਣਨ ਲਈ ਆਕਰਸ਼ਿਤ ਕੀਤਾ ਜਾ ਸਕੇ।

0 comments

Comments


bottom of page