• globalnewsnetin

ਸਿੱਖਿਆ ਮੰਤਰੀ ਨੇ ਪੰਜ ਹੋਰ ਜ਼ਿਲ੍ਹਿਆਂ ਦੇ ‘ਅੰਬੈਸਡਰ ਆਫ਼ ਹੋਪ’ ਦੇ ਜੇਤੂਆਂ ਦਾ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੈੱਟ


ਚੰਡੀਗੜ੍ਹ, : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਇੱਥੇ ਪੰਜਾਬ ਭਵਨ ਵਿੱਚ ‘ਅੰਬੈਸਡਰ ਆਫ਼ ਹੋਪ’ ਪ੍ਰੋਗਰਾਮ ਦੇ ਪੰਜ ਜ਼ਿਲ੍ਹਿਆਂ ਦੇ ਜੇਤੂਆਂ ਦਾ ਐਪਲ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੈੱਟ ਨਾਲ ਸਨਮਾਨ ਕੀਤਾ।

ਕੋਵਿਡ-19 ਦੀ ਮਹਾਂਮਾਰੀ ਕਾਰਨ ਹੋਏ ਸੰਖੇਪ ਸਮਾਰੋਹ ਦੌਰਾਨ ਸਕੂਲ ਸਿੱਖਿਆ ਮੰਤਰੀ ਨੇ ਜ਼ਿਲ੍ਹਾ ਹੁਸ਼ਿਆਰਪੁਰ, ਫ਼ਤਹਿਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਅਤੇ ਐਸ.ਏ.ਐਸ. ਨਗਰ ਦੇ 15 ਪਹਿਲੇ, ਦੂਜੇ ਤੇ ਤੀਜੇ ਇਨਾਮ ਜੇਤੂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਮੱਲਾਂ ਮਾਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਡੇ ਵਿੱਚ ਹਮੇਸ਼ਾ ਸਿੱਖਦੇ ਰਹਿਣ ਦਾ ਰੁਝਾਨ ਹੋਣਾ ਚਾਹੀਦਾ ਹੈ। ਗ਼ਲਤੀਆਂ ਤੋਂ ਡਰੋਂ ਨਾ ਅਤੇ ਗ਼ਲਤੀਆਂ ਨੂੰ ਸਾਕਾਰਾਤਮਕ ਤਰੀਕੇ ਨਾਲ ਲੈਂਦਿਆਂ ਆਪਣੀ ਇੱਛਤ ਮੰਜ਼ਲ ਉਤੇ ਪੁੱਜੋ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਨਾਂਹਪੱਖੀ ਮਾਹੌਲ ਵਿੱਚ ਵਿਦਿਆਰਥੀਆਂ ਨੂੰ ਹਾਂ-ਪੱਖੀ ਗਤੀਵਿਧੀਆਂ ਵਿੱਚ ਮਸਰੂਫ਼ ਰੱਖਣ ਦੇ ਮੰਤਵ ਨਾਲ ਸ਼ੁਰੂ ਕੀਤੇ ‘ਅੰਬੈਸਡਰ ਆਫ਼ ਹੋਪ’ ਪ੍ਰੋਗਰਾਮ ਨੇ ਆਪਣਾ ਉਦੇਸ਼ ਪੂਰਾ ਕੀਤਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦਾ ਖ਼ਤਰਾ ਦਿਨ-ਬ-ਦਿਨ ਵਧ ਰਿਹਾ ਹੈ, ਇਸ ਲਈ ਜੇਤੂਆਂ ਦਾ ਸਨਮਾਨ ਪੜਾਅਵਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ ਆਜ਼ਾਦੀ ਸਮਾਗਮ ਦੌਰਾਨ 7 ਜ਼ਿਲ੍ਹਿਆਂ ਬਰਨਾਲਾ, ਬਠਿੰਡਾ, ਫ਼ਰੀਦਕੋਟ, ਮਾਨਸਾ, ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜੇਤੂਆਂ ਬੱਚਿਆਂ ਨੂੰ ਐਪਲ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੈੱਟ ਦਿੱਤੇ ਗਏ ਸਨ, ਜਦੋਂ ਕਿ ਪੰਜ ਜ਼ਿਲ੍ਹਿਆਂ ਦੇ ਬੱਚਿਆਂ ਦਾ ਅੱਜ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ 10 ਜ਼ਿਲ੍ਹਿਆਂ ਦੇ ਬੱਚਿਆਂ ਨੂੰ ਵੀ ਜਲਦੀ ਅਜਿਹੇ ਸੰਖੇਪ ਸਮਾਰੋਹ ਕਰਵਾ ਕੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਅੰਬੈਸਡਰ ਆਫ਼ ਹੋਪ’ ਅਧੀਨ ਸਾਰੇ 22 ਜ਼ਿਲ੍ਹਿਆਂ ਦੇ ਜੇਤੂਆਂ ਨੂੰ 66 ਮੁੱਖ ਇਨਾਮ ਅਤੇ 1000 ਹੌਸਲਾ ਵਧਾਊ ਇਨਾਮ ਦਿੱਤੇ ਜਾ ਰਹੇ ਹਨ।

ਹੋਰ ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ‘ਅੰਬੈਸਡਰ ਆਫ਼ ਹੋਪ’ ਪ੍ਰੋਗਰਾਮ ਦੌਰਾਨ 1,05,898 ਸਕੂਲੀ ਬੱਚਿਆਂ ਨੇ ਆਪਣੀਆਂ ਵੀਡੀਓਜ਼ ਭੇਜੀਆਂ, ਜਿਨ੍ਹਾਂ ਤੋਂ ਉਨ੍ਹਾਂ ਦੀ ਸਿਰਜਣਾਤਮਕ ਤਾਕਤ ਦਾ ਪਤਾ ਚੱਲਿਆ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਤੂਆਂ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ਉਤੇ ਕੀਤੀ ਗਈ। ਕੈਬਨਿਟ ਮੰਤਰੀ ਨੇ ਕਿਹਾ ਕਿ ਅੱਠ ਦਿਨਾਂ ਤੱਕ ਚੱਲੇ ਇਸ ਆਨਲਾਈਨ ਵੀਡੀਓ ਮੁਕਾਬਲੇ ਨੇ ਵਿਸ਼ਵ ਰਿਕਾਰਡ ਸਿਰਜਿਆ ਕਿਉਂਕਿ ਇਸ ਮੁਕਾਬਲੇ ਵਿੱਚ ਰਿਕਾਰਡ ਗਿਣਤੀ ਵਿੱਚ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਫਿ਼ਲਪੀਨ ਦੇ ‘ਸੇਬੂ ਸਿਟੀ ਕਮਿਸ਼ਨ’ (ਸਰਕਾਰੀ ਸੰਸਥਾ) ਦਾ 43,157 ਭਾਈਵਾਲਾਂ ਵਾਲਾ ਮੁਕਾਬਲਾ ਇਕ ਰਿਕਾਰਡ ਹੈ।

ਮੁਕਾਬਲਾ ਜਿੱਤ ਕੇ ਨਾਮਣਾ ਖੱਟਣ ਵਾਲੇ ਜੇਤੂ ਬੱਚਿਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ‘‘ਬੱਚਿਆਂ ਤੋਂ ਮਿਲਿਆ ਹੁੰਗਾਰਾ ਕਾਫ਼ੀ ਉਤਸ਼ਾਹ ਭਰਪੂਰ ਹੈ। ਮੇਰੇ ਲਈ ਸਾਰੇ ਬੱਚੇ ਹੀ ਜੇਤੂ ਹਨ। ਮੈਂ ਉਨ੍ਹਾਂ ਸਾਰੇ ਬੱਚਿਆਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਵੀਡੀਓਜ਼ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਮਾਪਿਆਂ, ਅਧਿਆਪਕਾਂ ਤੇ ਸਕੂਲ ਪ੍ਰਿੰਸੀਪਲਾਂ ਦੀ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਵੀ ਸ਼ਲਾਘਾ ਕੀਤੀ।’’ 

ਜ਼ਿਲ੍ਹਾ ਹੁਸ਼ਿਆਰਪੁਰ, ਫ਼ਤਹਿਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਅਤੇ ਐਸ.ਏ.ਐਸ. ਨਗਰ ਦੇ ਪਹਿਲੇ ਇਨਾਮ ਜੇਤੂ ਕ੍ਰਮਵਾਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਝਾਂਸ ਦੀ ਦੂਜੀ ਜਮਾਤ ਦੀ ਵਿਦਿਆਰਥਣ ਅੰਸ਼ੁਮਨ ਅਰੋੜਾ, ਸਰਕਾਰੀ ਗਰਲਜ਼ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦੀ 10ਵੀਂ ਦੀ ਵਿਦਿਆਰਥਣ ਜਸ਼ਨ, ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਦਾ ਵਿਦਿਆਰਥੀ ਗੁਰਵਿੰਦਰ ਸਿੰਘ, ਮਾਤਾ ਸਾਹਿਬ ਕੌਰ ਅਕੈਡਮੀ ਦਾ 12ਵੀਂ ਦਾ ਵਿਦਿਆਰਥੀ ਜਗਤੇਸ਼ਵਰਜੋਤ ਸਿੰਘ ਅਤੇ ਮਾਊਂਟ ਕਾਰਮਲ ਸਕੂਲ ਦੀ 12ਵੀਂ ਦੀ ਵਿਦਿਆਰਥਣ ਕੋਇਨਾ ਸ਼ਰਮਾ ਨੂੰ ਐਪਲ ਆਈਪੈਡ ਦਿੱਤਾ ਗਿਆ, ਜਦੋਂ ਕਿ ਦੂਜੇ ਥਾਂ ਉਤੇ ਰਹੇ ਸੇਂਟ ਜੋਜ਼ਫ਼ ਕਾਨਵੈਂਟ ਸਕੂਲ, ਹੁਸ਼ਿਆਰਪੁਰ ਦੇ ਅੱਠਵੀਂ ਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਭਾਵਿਆ ਸ਼ਰਮਾ ਤੇ ਓਜਸ ਸ਼ਰਮਾ, ਦਿੱਲੀ ਪਬਲਿਕ ਸਕੂਲ, ਫਤਹਿਗੜ੍ਹ ਸਾਹਿਬ ਦੀ ਪੰਜਵੀਂ ਦੀ ਵਿਦਿਆਰਥਣ ਵਿਨੀਤਾ ਭਿੰਬਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਾਲਾ ਰਾਣੂੰਆਂ ਦੀ ਬਾਰਵੀਂ ਦੀ ਵਿਦਿਆਰਥਣ ਪ੍ਰੀਤੀ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਬੇਲਾ ਦੀ ਚੌਥੀ ਜਮਾਤ ਦੀ ਹਰਸਿਫ਼ਤ ਕੌਰ ਅਤੇ ਏ.ਏ.ਆਰ. ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਦੀ ਦਸਵੀਂ ਦੀ ਵਿਦਿਆਰਥਣ ਜਸਮੀਨ ਨੂੰ ਲੈਪਟਾਪ ਇਨਾਮ ਵਿੱਚ ਮਿਲਿਆ।

ਇਸੇ ਤਰ੍ਹਾਂ ਤੀਜਾ ਇਨਾਮ ਜੇਤੂਆਂ ਕ੍ਰਮਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਬਿਹਾਲਾ ਦੀ ਦਸਵੀਂ ਦੀ ਵਿਦਿਆਰਥਣ ਮਨਦੀਪ ਕੌਰ, ਐਸ.ਐਨ.ਏ.ਐਸ. ਸੀਨੀਅਰ ਸੈਕੰਡਰੀ ਸਕੂਲ (ਆਰੀਆ) ਮੰਡੀ ਗੋਬਿੰਦਗੜ੍ਹ ਦੇ ਬਾਰਵੀਂ ਦੇ ਸ਼ੇਖ ਬਹਾਦਰ, ਸਾਧੂ ਸਿੰਘ ਸ਼ੇਰਗਿੱਲ ਮੈਪਲ ਬੀਅਰ ਕੈਨੇਡੀਅਨ ਸਕੂਲ ਮੁਕੰਦਪੁਰ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਗੁਰਸਿਮਰਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ ਦੇ ਬਾਰਵੀਂ ਦੇ ਵਿਦਿਆਰਥੀ ਮੁਨੱਵਰ ਖ਼ਾਨ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਰੜ ਦੀ ਵਿਦਿਆਰਥਣ ਗੁਰਲੀਨ ਕੌਰ ਨੂੰ ਇਨਾਮ ਵਿੱਚ ਐਂਡਰਾਇਡ ਟੈਬਲੈੱਟ ਮਿਲੇ।

 Global Newsletter

  • Facebook
  • social-01-512
  • Twitter
  • LinkedIn
  • YouTube