• globalnewsnetin

ਸੀਪੀਆਈ (ਐਮ) ਕਿਸਾਨ ਸੰਘਰਸ਼ ਦੀ ਮੁਕੰਮਲ ਹਿਮਾਇਤ ਪਹਿਲਾਂ ਵਾਂਗ ਹੀ ਜਾਰੀ ਰੱਖੇਗੀ


ਮੋਦੀ ਸਰਕਾਰ ਤੇ ਭਾਜਪਾ ਵੱਲੋਂ ਕਿਸਾਨ ਸੰਘਰਸ਼ ਪ੍ਰਤੀ ਖ਼ਤਰਨਾਕ ਦੂਸ਼ਣਬਾਜ਼ੀ ਸੰਕੇਤ ਹੈ ਕਿ ਇਰਾਦੇ ਨੇਕ ਨਹੀਂ ਹਨ : ਕਾਮਰੇਡ ਸੇਖੋਂ

ਚੰਡੀਗੜ੍ਹ : ਸੀਪੀਆਈ (ਐਮ) ਦੀ ਪੰਜਾਬ ਇਕਾਈ ਨੇ ਮੋਦੀ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੀਆਂ ਹੱਕੀ ਮੰਗਾਂ ਮੰਨਣ ਤੋਂ ਲਗਾਤਾਰ ਇਨਕਾਰ ਕਰਨ ਅਤੇ ਇਸ ਸੰਘਰਸ਼ ਉੱਪਰ ਖ਼ਤਰਨਾਕ ਅਤੇ ਘਟੀਆ ਕਿਸਮ ਦੀ ਝੂਠੀ ਦੂਸ਼ਣਬਾਜ਼ੀ ਕਰਕੇ ਬਦਨਾਮ ਕਰਨ ਦੀਆਂ ਸਾਜ਼ਸ਼ੀ ਕੋਸ਼ਿਸ਼ਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਨ੍ਹਾਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਿਆ ਕੀਤੀ ਹੈ।

ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਅੱਜ ਇੱਥੋਂ ਜਾਰੀ ਬਿਆਨ ਵਿੱਚ ਕਿਹਾ ਕਿ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ, ਪੰਜਾਬ ਦੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਅਤੇ ਭਾਜਪਾ ਦੇ ਹੋਰ ਅਨੇਕਾਂ ਵੱਡੇ ਛੋਟੇ ਆਗੂਆਂ ਨੇ ਲਗਾਤਾਰ ਇਹੋ ਜਿਹੀ ਬਿਆਨਬਾਜ਼ੀ ਦੀ ਝੜੀ ਲਗਾ ਦਿੱਤੀ ਹੈ ਕਿ ਕਿਸਾਨ ਸੰਘਰਸ਼ ਵਿੱਚ ਕਮਿਊਨਿਸਟ, ਨਕਸਲਾਈਟ, ਮਾਓਵਾਦੀ ਅਨਸਰ ਘੁਸ ਗਏ ਹਨ ਅਤੇ ਇਹ ਇਸ ਸੰਘਰਸ਼ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਇਨ੍ਹਾਂ ਬਿਆਨਾਂ ਵਿੱਚ ਕਮਿਊਨਿਸਟਾਂ, ਖੱਬੇ ਪੱਖ਼ੀਆਂ ਨੂੰ ਦੇਸ਼ ਦੇ ਦੁਸ਼ਮਣ, ਗਦਾਰ ਅਤੇ ਦੇਸ਼ ਨੂੰ ਤੋੜਨ ਵਾਲੇ ਤੱਕ ਕਿਹਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਖ਼ਾਲਿਸਤਾਨੀ ਅਨਸਰ, ਚੀਨ ਅਤੇ ਪਾਕਿਸਤਾਨ ਇਸ ਸੰਘਰਸ਼ ਦੇ ਪਿੱਛੇ ਹਨ। ਕਾਮਰੇਡ ਸੇਖੋਂ ਨੇ ਕਿਹਾ ਕਿ ਅਜਿਹੀ ਪ੍ਰਚਾਰ ਮੁਹਿੰਮ ਸੰਕੇਤ ਕਰ ਰਹੀ ਹੈ ਕਿ ਮੋਦੀ ਸਰਕਾਰ ਦੇ ਕਿਸਾਨ ਸੰਘਰਸ਼ ਪ੍ਰਤੀ ਇਰਾਦੇ ਨੇਕ ਨਹੀਂ ਹਨ ਤੇ ਉਹ ਇਸ ਨੂੰ ਬਦਨਾਮ ਕਰਕੇ ਇਸ ਨੂੰ ਖਦੇੜਨਾ ਦੀਆਂ ਸਕੀਮਾਂ ਬਣਾ ਰਹੀ ਹੈ। ਕਾਮਰੇਡ ਸੇਖੋਂ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਹਨਨ ਮੁੱਲਾ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਸੀਪੀਆਈ (ਐਮ) ਦਾ ਪੋਲਿਟ ਬਿਊਰੋ ਮੈਂਬਰ ਹੈ।

ਕਾਮਰੇਡ ਸੇਖੋਂ ਨੇ ਸਵਾਲ ਕੀਤਾ ਕਿ ਸੀਪੀਆਈ (ਐਮ) ਕੋਈ ਗ਼ੈਰ-ਕਾਨੂੰਨੀ ਪਾਰਟੀ ਹੈ? ਉਨ੍ਹਾਂ ਕਿਹਾ ਕਿ ਸੀਪੀਆਈ (ਐਮ) ਇਕੱਲੀ ਹੀ ਪਾਰਟੀ ਹੈ ਜੋ ਇਸ ਕਿਸਾਨ ਸੰਘਰਸ਼ ਦੀ ਹਿਮਾਇਤ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਭਾਜਪਾ ਨੂੰ ਛੱਡ ਕੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸਾਨ ਸੰਘਰਸ਼ ਦੀ ਹਿਮਾਇਤ ਕਰ ਰਹੀਆਂ ਹਨ। ਕੀ ਦੇਸ਼ ਦੀਆਂ ਸਾਰੀਆਂ ਪਾਰਟੀਆਂ ਹੀ ਦੇਸ਼–ਵਿਰੋਧੀ ਹਨ ਤੇ ਕੇਵਲ ਭਾਜਪਾ ਇਕੱਲੀ ਹੀ ਦੇਸ਼ ਭਗਤ ਹੈ? ਕਾਮਰੇਡ ਸੇਖੋਂ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਇਸ ਮਹਾਨ ਕਿਸਾਨ ਸੰਘਰਸ਼ ਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ ਅਤੇ ਇਸ ਦੇ ਸਾਰੇ ਫ਼ਿਰਕੂ, ਫਾਸ਼ੀ, ਹਿੰਦੂ ਰਾਸ਼ਟਰਵਾਦੀ ਏਜੰਡੇ ਮੂਧੇ ਮੂੰਹ ਕਰ ਦਿੱਤੇ ਹਨ।

ਅਖੀਰ ਵਿੱਚ ਕਾਮਰੇਡ ਸੇਖੋਂ ਨੇ ਮੋਦੀ ਸਰਕਾਰ ਨੂੰ ਜ਼ੋਰ ਨਾਲ ਕਿਹਾ ਹੈ ਕਿ ਉਹ ਹੰਕਾਰ ਛੱਡੇ, ਵਕਾਰ ਦਾ ਸਵਾਲ ਨਾ ਬਣਾਏ ਅਤੇ ਇਸ ਇਤਿਹਾਸਕ ਕਿਸਾਨ ਸੰਘਰਸ਼ ਜਿਸ ਦੀ ਹਿਮਾਇਤ ਯੂਐਨਓ ਤੱਕ ਦੀ ਸੰਸਾਰ ਦੀ ਸਭ ਤੋਂ ਵੱਡੀ ਸੰਸਥਾ ਨੇ ਵੀ ਕੀਤੀ ਹੈ, ਦੀਆਂ ਸਾਰੀਆਂ ਮੰਗਾਂ ਮੰਨਦੇ ਸਥਿਤੀ ਨੂੰ ਆਮ ਬਣਾਏ ਅਤੇ ਆਪਣੀ ਜ਼ਿੰਮੇਵਾਰੀ ਨਿਭਾਏ।

 Global Newsletter

  • Facebook
  • social-01-512
  • Twitter
  • LinkedIn
  • YouTube