- globalnewsnetin
1.74 ਲੱਖ ਸਿਹਤ ਕਾਮਿਆਂ ਦੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਕੀਤੇ ਜਾਣ ਦੀਆਂ ਪੁਖਤਾ ਤਿਆਰੀਆਂ

ਚੰਡੀਗੜ, : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1.74 ਲੱਖ ਸਿਹਤ ਕਾਮਿਆਂ ਦੇ ਟੀਕਾਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੇ ਜਾਣ ਦੀਆਂ ਪੁਖਤਾ ਤਿਆਰ ਕੀਤੀ ਜਾ ਚੁੱਕੀਆਂ ਹਨ ਅਤੇ ਪਹਿਲੇ ਪੜਾਅ ਵਿੱਚ ਅਗਲੇ ਪੰਜ ਦਿਨਾਂ ਤੱਕ ਰੋਜਾਨਾ 40,000 ਸਿਹਤ ਕਾਮਿਆਂ ਨੂੰ ਟੀਕਾਕਰਨ ਮੁਹਿੰਮ ਹੇਠ ਕਵਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੂਬੇ ਦੀ ਗਰੀਬ ਵਸੋਂ ਲਈ ਮੁਫਤ ਟੀਕਾਕਰਨ ਦੀ ਮੰਗ ਕੀਤੀ ਹੈ।
ਕੋਵੀਸ਼ੀਲਡ ਵੈਕਸੀਨ ਦੀਆਂ 2,04,500 ਖੁਰਾਕਾਂ ਪ੍ਰਾਪਤ ਹੋਣ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਵਿੱਚ ਸੂਬਾਈ ਅਤੇ ਕੇਂਦਰ ਸਰਕਾਰ ਦੇ ਸਿਹਤ ਸੰਭਾਲ ਕਾਮਿਆਂ ਲਈ ਪਹਿਲ ਦੇ ਆਧਾਰ ਉਤੇ ਵੈਕਸੀਨ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਬਿਮਾਰੀ ਦਾ ਬੋਝ ਘਟਾਉਣ ਅਤੇ ਇਸ ਦੇ ਅੱਗੇ ਫੈਲਾਅ ਨੂੰ ਰੋਕਣ ਦੇ ਮੱਦੇਨਜਰ ਗਰੀਬ ਲੋਕਾਂ ਲਈ ਮੁਫਤ ਵੈਕਸੀਨ ਮੁਹੱਈਆ ਕਰਵਾਉਣ ਉਪਰ ਵਿਚਾਰ ਕੀਤਾ ਜਾਵੇ ਜਿਸ ਦੇ ਨਤੀਜੇ ਵਜੋਂ ਆਰਥਿਕ ਗਤੀਵਿਧੀਆਂ ਵਿੱਚ ਵਾਧਾ ਹੋਵੇਗਾ।
ਕੇਂਦਰ ਸਰਕਾਰ ਦੇ ਕੁਝ ਸਰੋਤਾਂ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿ ਸਿਹਤ ਸੰਭਾਲ ਕਾਮਿਆਂ ਅਤੇ ਮੂਹਰਲੀ ਕਤਾਰ ਦੇ ਵਰਕਰਾਂ ਤੋਂ ਇਲਾਵਾ ਬਾਕੀ ਆਬਾਦੀ ਨੂੰ ਸ਼ਾਇਦ ਮੁਫਤ ਦਵਾਈ ਮੁਹੱਈਆ ਨਾ ਕਰਵਾਈ ਜਾ ਸਕੇ, ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਸੂਬੇ ਦੇ ਲੋਕ ਕੋਵਿਡ ਦੇ ਕਾਰਨ ਬਹੁਤ ਔਖੇ ਸਮੇਂ ਵਿੱਚੋਂ ਗੁਜਰੇ ਹਨ ਜਿਸ ਨਾਲ ਆਰਥਿਕ ਸਰਗਰਮੀਆਂ ਉਪਰ ਅਸਰ ਪਿਆ ਅਤੇ ਅਰਥਚਾਰਾ ਅਜੇ ਵੀ ਇਸ ਸੰਕਟ ਵਿੱਚੋਂ ਨਹੀਂ ਉਭਰ ਸਕਿਆ। ਉਨਾਂ ਕਿਹਾ, ‘ਸਮਾਜ ਦੇ ਗਰੀਬ ਤਬਕਿਆਂ ਲਈ ਟੀਕਾਕਰਨ ਵਾਸਤੇ ਅਦਾ ਕਰਨਾ ਮੁਸ਼ਕਲ ਹੋਵੇਗਾ।‘
ਮੁੱਖ ਮੰਤਰੀ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਹੈਲਥ ਕੇਅਰ ਵਰਕਰਾਂ ਦਾ ਟੀਕਾਕਰਨ ਪਹਿਲ ਦੇ ਅਧਾਰ ’ਤੇ ਯਕੀਨੀ ਬਣਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਅਗਲੇ ਪੜਾਅ ਵਿੱਚ ਫਰੰਟ ਲਾਈਨ ਵਰਕਰਾਂ (ਐੱਫ.ਐੱਲ.ਡਬਲਯੂਜ਼) ਦਾ ਟੀਕਾਕਰਨ ਕੀਤਾ ਜਾਵੇਗਾ।ਸੂਬੇ ਕੋਲ ਟੀਕੇ ਦੇ ਭੰਡਾਰਨ ਅਤੇ ਢੋਆ-ਢੁਆਈ ਲਈ ਢੁੱਕਵੀਂ ਸਮਰੱਥਾ ਹੈ। ੳਨਾਂ ਕਿਹਾ ਕਿ ਟੀਕਾਕਰਨ ਲਈ ਢੁੱਕਵੀਂ ਗਿਣਤੀ ਥਾਵਾਂ ਦੀ ਪਛਾਣ ਕੀਤੀ ਗਈ ਹੈ ਅਤੇ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਢੁੱਕਵੀਂ ਗਿਣਤੀ ਵੈਕਸੀਨੇਟਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਟੀਕਾਕਰਨ ਸੈਸ਼ਨਾਂ ਦੇ ਪ੍ਰਬੰਧਨ ਲਈ ਢੁੱਕਵੀਂ ਗਿਣਤੀ ਦੀਆਂ ਟੀਮਾਂ ਲਗਾਈਆਂ ਗਈਆਂ ਹਨ ਅਤੇ ਸਿਖਲਾਈ ਦਿੱਤੀ ਗਈ ਹੈ।
ਇਹ ਜ਼ਿਕਰ ਕਰਦਿਆਂ ਕਿ “ਕੋਵਿਡ -19 ਮਹਾਂਮਾਰੀ ਇੱਕ ਅਣਕਿਆਸਾ ਸੰਕਟ ਹੈ ਅਤੇ ਸਾਡੇ ਕੋਵਿਡ ਦੇ ਟਾਕਰੇ ਲਈ ਸੂਬੇ ਨੂੰ ਭਾਰੀ ਖਰਚਾ ਸਹਿਣਾ ਪਿਆ ,” ਮੁੱਖ ਮੰਤਰੀ ਨੇ ਅੱਗੇ ਲਿਖਿਆ ਕਿ ਉਨਾਂ ਦੀ ਸਰਕਾਰ ਨੇ ਕੇਂਦਰ ਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਰਾਜ ਦੇ ਆਫ਼ਤ ਰਾਹਤ ਫੰਡ ਵਿੱਚ ਇਕੱਠੇ ਹੋਏ ਫੰਡਾਂ ਨੂੰ ਕੋਵਿਡ ਦੇ ਟਾਕਰੇ ਵਾਸਤੇ ਵਰਤਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਉਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ “ ਕਿਰਪਾ ਕਰਕੇ ਬਕਾਇਆ ਭੁਗਤਾਨਾਂ ਦੀ ਅਦਾਇਗੀ ਲਈ ਗ੍ਰਹਿ ਮਾਮਲੇ ਮੰਤਰਾਲੇ ਇਸ ਦੀ ਮਨਜ਼ੂਰੀ ਦੇਵੇ।
ਇਸੇ ਦੌਰਾਨ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਮੁਲਕ ਲਈ ਕੌਮੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਤੁਰੰਤ ਬਾਅਦ ਇਸ ਮੁਹਿੰਮ ਦੇ ਹਿੱਸੇ ਵਜੋਂ ਕੈਪਟਨ ਅਮਰਿੰਦਰ ਸਿੰਘ ਸ਼ਨਿਚਰਵਾਰ ਦੀ ਸਵੇਰ ਸੂਬੇ ਵਿੱਚ ਸਿਹਤ ਕਾਮਿਆਂ ਦੇ ਟੀਕਾਕਰਨ ਦੀ ਪ੍ਰਕਿਰਿਆ ਦਾ ਆਰੰਭ ਕਰਨਗੇ। ਮੁੱਖ ਮੰਤਰੀ ਭਲਕੇ ਸਵੇਰੇ 11.30 ਵਜੇ ਮੋਹਾਲੀ ਤੋਂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨਗੇ ਅਤੇ ਪਹਿਲੇ ਪੜਾਅ ਵਿੱਚ ਕੁੱਲ 59 ਟੀਕਾਕਰਨ ਥਾਂਵਾਂ ਉਤੇ ਮੁਹਿੰਮ ਦਾ ਆਰੰਭ ਹੋਵੇਗਾ। ਬੁਲਾਰੇ ਨੇ ਦੱਸਿਆ ਕਿ ਸਿਹਤ ਕਾਮਿਆਂ, ਜਿਨਾਂ ਦੇ ਵੇਰਵੇ ਸੂਬਾ ਸਰਕਾਰ ਵੱਲੋਂ ਕੇਂਦਰ ਨਾਲ ਸਾਂਝੀ ਕੀਤੀ ਗਏ ਹਨ, ਲਈ ਹੀ ਟੀਕਾਕਰਨ ਦੀਆਂ ਖੁਰਾਕਾਂ ਨਿਸ਼ਚਿਤ ਗਿਣਤੀ ਵਿੱਚ ਹਾਸਲ ਹੋਣ ਕਾਰਨ ਹੁਣ ਮੁੱਖ ਮੰਤਰੀ ਖੁਦ ਨਿੱਜੀ ਤੌਰ ਉਤੇ ਅਗਲੇ ਪੜਾਅ ਵਿੱਚ ਵੈਕਸੀਨ ਲਵਾਉਣਗੇ।