top of page
  • globalnewsnetin

6 ਫਰਵਰੀ ਦੇ ਚੱਕਾ ਜਾਮ ਨੂੰ ਸੀਪੀਆਈ (ਐਮ) ਵੱਲੋਂ ਪੂਰਨ ਸਮਰਥਨ ਦਾ ਫੈਸਲਾ : ਕਾਮਰੇਡ ਸੇਖੋਂ


ਚੰਡੀਗੜ੍ਹ : ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਦੀ ਇੱਕ ਮੀਟਿੰਗ ਸਥਾਨਕ ਸੈਕਟਰ 30 ਵਿਚਲੇ ਪਾਰਟੀ ਦੇ ਸੂਬਾ ਦਫ਼ਤਰ ਚੀਮਾ ਭਵਨ ਵਿਖੇ ਕਾਮਰੇਡ ਗੁਰਚੇਤਨ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਮੀਟਿੰਗ ਦੇ ਸ਼ੁਰੂ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।

ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਿਸਾਨ ਅੰਦੋਲਨ ਵੱਲੋਂ ਦਿੱਤੇ ਗਏ 6 ਫਰਵਰੀ ਦੇ ਚੱਕਾ ਜਾਮ ਨੂੰ ਸੀਪੀਆਈ (ਐਮ) ਵੱਲੋਂ ਪੂਰਨ ਸਮਰਥਨ ਦਿੱਤਾ ਜਾਵੇਗਾ। ਸੀਪੀਆਈ (ਐਮ) ਦੇ ਪੰਜਾਬ ਰਾਜ ਕਮੇਟੀ ਨੇ ਸਾਰੀ ਮੈਂਬਰਸ਼ਿਪ ਨੂੰ ਸੱਦਾ ਦਿੱਤਾ ਹੈ ਕਿ 6 ਫਰਵਰੀ ਨੂੰ 12 ਤੋਂ 3 ਵਜੇ ਤੱਕ ਹੋਣ ਵਾਲੇ ਚੱਕਾ ਜਾਮ ਦੇ ਐਕਸ਼ਨ ਨੂੰ ਜਥੇਬੰਦ ਕਰਨ ਲਈ ਮੋਹਰੀ ਭੂਮਿਕਾ ਨਿਭਾਈ ਜਾਵੇ।

ਕਾਮਰੇਡ ਸੇਖੋਂ ਨੇ ਕਿਹਾ ਕਿ ਸੀਪੀਆਈ (ਐਮ) ਕਿਸਾਨ ਸੰਘਰਸ਼ ਨੂੰ ਪੂਰਾ ਸਮਰਥਨ ਦਿੰਦੀ ਆ ਰਹੀ ਹੈ, ਇਹ ਸਮਰਥਨ ਤਿੰਨੋਂ ਖੇਤੀ ਕਾਨੂੰਨਾਂ ਦੇ ਰੱਦ ਹੋਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਕਾਨੂੰਨੀ ਦਰਜਾ ਦਿੱਤੇ ਜਾਣ ਤੱਕ ਜਾਰੀ ਰਹੇਗਾ। ਇਸ ਕਾਨੂੰਨ ਵਿੱਚ ਐਮਐਸਪੀ ਤੋਂ ਘੱਟ ਮੁੱਲ ’ਤੇ ਫ਼ਸਲ ਖਰੀਦਣ ਵਾਲੇ ’ਤੇ ਅਪਰਾਧਿਕ ਮਾਮਲਾ ਦਰਜ ਹੋਣ ਦਾ ਪ੍ਰਾਵਧਾਨ ਹੋਣਾ ਚਾਹੀਦਾ ਹੈ।

ਮੀਟਿੰਗ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ 72 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਘੇਰਾਬੰਦੀ ਦੀ ਜ਼ੋਰਦਾਰ ਨਿੰਦਾ ਕੀਤੀ ਗਈ।

ਦਿੱਲੀ ਪੁਲਿਸ ਕਿਸਾਨੀ ਸੰਘਰਸ਼ ਦੀ ਘੇਰਾਬੰਦੀ ਕਰਦੇ ਹੋਏ ਸਰਹੱਦਾਂ ’ਤੇ ਕੰਕਰੀਟ ਦੀਆਂ ਦੀਵਾਰਾਂ, ਨੁਕੀਲੇ ਸਰੀਏ ਗੱਢ ਕੇ ਅਤੇ ਹੋਰ ਕਈ ਤਰ੍ਹਾਂ ਦੀਆਂ ਰੋਕਾਂ ਲਗਾ ਰਹੀ ਹੈ ਜੋ ਕਿ ਅਣਮਨੁੱਖੀ ਹੈ। ਦੇਸ਼ ਦੇ ਸਮੁੱਚੇ ਕਿਸਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ। ਕਿਸਾਨੀ ਸੰਘਰਸ਼ ਨੂੰ ਹਰੇਕ ਵਰਗ ਦਾ ਸਮਰਥਨ ਮਿਲ ਰਿਹਾ ਹੈ। ਮੋਦੀ ਸਰਕਾਰ ਨੇ ਕਿਸਾਨੀ ਸੰਘਰਸ਼ ਨੂੰ ਕੁਚਲਣ ਦੀ ਕੋਝੀ ਕੋਸ਼ਿਸ਼ ਕਰਦਿਆਂ ਭਾਜਪਾ-ਆਰਐਸਐਸ ਦੇ ਗੁੰਡਿਆਂ ਨੂੰ ਦਿੱਲੀ ਪੁਲਿਸ ਦੀ ਹਿਫਾਜ਼ਤ ਵਿੱਚ ਕਿਸਾਨਾਂ ’ਤੇ ਹਮਲੇ ਕਰਨ ਲਈ ਭੇਜਿਆ ਜੋ ਕਿ ਆਪਣੇ ਆਪ ਨੂੰ ਸਥਾਨਕ ਪਿੰਡਾਂ ਦੇ ਵਸਨੀਕ ਦੱਸ ਰਹੇ ਸਨ। ਜਦੋਂ ਕਿ ਸਥਾਨਕ ਵਸਨੀਕ ਸ਼ੁਰੂ ਤੋਂ ਹੀ ਇਸ ਸੰਘਰਸ਼ ਨੂੰ ਆਪਣਾ ਪੂਰਾ ਸਮਰਥਨ ਦੇ ਰਹੇ ਹਨ। ਸਰਹੱਦਾਂ ਦੇ ਲਾਗਲੇ ਪਿੰਡਾਂ ਦੇ ਵਸਨੀਕਾਂ ਨੇ ਇਹ ਗੱਲ ਸਾਫ਼ ਕੀਤੀ ਹੈ ਕਿ ਉਨ੍ਹਾਂ ਦਾ ਕਿਸਾਨੀ ਸੰਘਰਸ਼ ਨੂੰ ਪੂਰਾ ਸਮਰਥਨ ਹੈ ਤੇ ਕਿਸਾਨਾਂ ’ਤੇ ਹਮਲਾ ਕਰਨ ਆਏ ਲੋਕਾਂ ’ਚ ਉਹ ਬਿਲਕੁਲ ਸ਼ਾਮਲ ਨਹੀਂ ਸਨ। ਇਸ ਗੱਲ ਤੋਂ ਮੋਦੀ ਸਰਕਾਰ ਦੇ ਚਿੱਟੇ ਦਿਨ ਨੰਗੇ ਨਾਚ ਤੋਂ ਪਰਦਾ ਉੱਠਦਾ ਹੈ।

ਅੱਜ ਦੀ ਮੀਟਿੰਗ ਵਿੱਚ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ, ਕਾਮਰੇਡ ਭੂਪ ਚੰਦ ਚੰਨੋ, ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਕਾਮਰੇਡ ਮੇਜਰ ਸਿੰਘ ਭਿੱਖੀਵਿੰਡ, ਕਾਮਰੇਡ ਬਲਬੀਰ ਸਿੰਘ ਜਾਡਲਾ ਤੇ ਕਾਮਰੇਡ ਕੁਲਵਿੰਦਰ ਸਿੰਘ ਉੱਡਤ ਸ਼ਾਮਲ ਸਨ।

0 comments
bottom of page