• globalnewsnetin

71 ਵਾਂ ਰਾਜ ਪੱਧਰੀ ਵਣਮਹੋਤਸਵ ਮੁੱਲਾਂਪੁਰ ਜੰਗਲ ਵਿੱਚ ਮਨਾਇਆ ਗਿਆ


ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਮੌਕੇ ਹਰੇਕ ਪਿੰਡ ਵਿਚ 400 ਬੂਟੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ

 ਮੁੱਲਾਂਪੁਰ ਵਿਚ 37 ਏਕੜ ਵਿਚ ਵਿਕਸਤ ਕੀਤਾ ਜਾਵੇਗਾ ਨਗਰ ਵਣ

 2.5 ਏਕੜ ਵਿਚ ਬਣਾਇਆ ਗਿਆ ਚੰਦਨ ਦੀ ਲੱਕੜੀ ਦਾ ਕਲੱਸਟਰ

 ਜੰਗਲਾਤ ਜ਼ਮੀਨ ਦੇ 20,000 ਏਕੜ ਤੋਂ ਵੱਧ ਖੇਤਰ ਤੋਂ ਹਟਾਏ ਗਏ ਕਬਜ਼ੇ

 ਗ੍ਰੀਨ ਕਵਰ ਵਿੱਚ ਪਿਛਲੇ 2 ਸਾਲਾਂ ਵਿੱਚ 11 ਵਰਗ ਕਿਲੋਮੀਟਰ ਦਾ ਵਾਧਾ- ਸਾਧੂ ਸਿੰਘ ਧਰਮਸੋਤ

ਚੰਡੀਗੜ/ ਐਸ.ਏ.ਐਸ.ਨਗਰ, : 71ਵਾਂ ਸੂਬਾ ਪੱਧਰੀ ਵਣਮਹੋਤਸਵ ਮਨਾਉਣ ਸਬੰਧੀ ਅੱਜ ਮੁੱਲਾਂਪੁਰ ਜੰਗਲ ਵਿੱਚ ਬੂਟੇ ਲਗਾਏ ਗਏ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿੱਚ 400 ਬੂਟੇ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਜੰਗਲਾਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਹਰ ਪਿੰਡ ਵਿੱਚ 400 ਬੂਟੇ ਲਗਾਏ ਜਾਣਗੇ। ਗਰੀਨਿੰਗ ਪੰਜਾਬ ਮਿਸ਼ਨ ਤਹਿਤ ਇਹ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਤਹਿਤ ਪੰਜਾਬ ਰਾਜ ਦੇ ਕੁੱਲ 12986 ਪਿੰਡਾਂ ਵਿੱਚ ਲਗਭਗ 52 ਲੱਖ ਬੂਟੇ ਲਗਾਏ ਜਾ ਰਹੇ ਹਨ।

ਮੁੱਲਾਂਪੁਰ ਜੰਗਲਾਤ ਖੇਤਰ ਵਿੱਚ ‘ਨਗਰ ਵਣ‘ ਸਥਾਪਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਉਨਾਂ ਦੱਸਿਆ ਕਿ ਇਸ ਨੂੰ 37 ਏਕੜ ਰਕਬੇ ਵਿੱਚ ਵਿਕਸਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜੰਗਲਾਤ ਵਿਭਾਗ ਨੂੰ ਗਮਾਡਾ ਨੇ ਮੁੱਲਾਂਪੁਰ-ਸਿਸਵਾਂ ਸੜਕ ਦੇ ਨਿਰਮਾਣ ਲਈ ਵਿਭਾਗ ਵੱਲੋਂ ਦਿੱਤੀ ਜ਼ਮੀਨ ਦੇ ਬਦਲੇ ਉਕਤ ਜ਼ਮੀਨ ਦਿੱਤੀ ਗਈ ਸੀ। ਇਸ ਜ਼ਮੀਨ ਦਾ ਜ਼ਿਆਦਾਤਰ  ਹਿੱਸਾ ਬੰਜਰ ਸੀ ਪਰ ਵਿਭਾਗ ਦੇ ਅਣਥੱਕ ਯਤਨਾਂ ਸਦਕਾ ਕਈ ਕਿਸਮਾਂ ਦੇ ਪੌਦੇ ਲਗਾਉਣ ਦੀ ਕੋਸ਼ਿਸ਼ ਅਤੇ ਜਾਂਚ ਕੀਤੀ ਗਈ ਅਤੇ ਅੰਤ ਵਿੱਚ ਇਸ ਖੇਤਰ ਨੂੰ ‘ਨਗਰ ਵਣ‘ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਦੇ ਚਾਰ-ਚੁਫ਼ੇਰੇ ਕੰਡਿਆਲੀ ਤਾਰ ਲਗਾਈ ਜਾਵੇਗੀ ਅਤੇ ਜੰਗਲ ਵਿੱਚ ਲੰਘਣ ਲਈ ਰਸਤੇ ਬਣਾਏ ਜਾਣਗੇ ਤਾਂ ਜੋ ਲੋਕ ਇਸ ਖੇਤਰ ਦਾ ਦੌਰਾ ਕਰ ਸਕਣ ਅਤੇ ਜੰਗਲ ਦੀ ਸੁੰਦਰਤਾ ਦਾ ਅਨੰਦ ਮਾਣ ਸਕਣ। ਉਨਾਂ ਕਿਹਾ ਕਿ ਇਹ ਖੇਤਰ ਲੋਕਾਂ ਨੂੰ ਤਾਜ਼ੀ ਅਤੇ ਸ਼ੁੱਧ ਹਵਾ ਮੁਹੱਈਆ ਕਰਵਾਉਣ ਵਿੱਚ ਸਹਾਈ ਸਿੱਧ ਹੋਵੇਗਾ।

ਜੰਗਲਾਤ ਮੰਤਰੀ ਨੇ ਦੱਸਿਆ ਕਿ ਮੁੱਲਾਂਪੁਰ ਦੇ ਜੰਗਲਾਂ ਵਿੱਚ 2.5 ਏਕੜ ਰਕਬੇ ਵਿੱਚ ਇੱਕ ਚੰਦਨ ਦੀ ਲੱਕੜੀ ਦਾ ਕਲੱਸਟਰ ਵੀ ਸਥਾਪਤ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਚੰਦਨ ਦੇ ਰੁੱਖਾਂ ਵਾਧੇ ਲਈ ਇਹ ਤਜ਼ਰਬਾ ਕਾਫ਼ੀ ਸਫ਼ਲ ਰਿਹਾ ਹੈ। ਦਰਅਸਲ, ਇਹ ਨਵਾਂ ਕਲੱਸਟਰ ਦੇਸ਼ ਵਿਆਪੀ ਦਿਲਚਸਪੀ ਨੂੰ ਵਧਾ ਰਿਹਾ ਹੈ ਅਤੇ ਵੁੱਡ ਇੰਸਟੀਚਿਊਟ ਬੇਂਗਲੁਰੂ ਦੇ ਬਨਸਪਤੀ ਵਿਗਿਆਨੀਆਂ ਨੇ ਵੀ ਇਸ ਸਾਈਟ ਦਾ ਦੌਰਾ ਕੀਤਾ।

ਉਨਾਂ ਅੱਗੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਨ ਦਾ ਕੰਮ ਮਿਸ਼ਨ ਦੇ ਤੌਰ ‘ਤੇ ਕੀਤਾ ਗਿਆ ਹੈ ਜਿਸ ਤਹਿਤ ਪਠਾਨਕੋਟ ਦੇ 12000 ਏਕੜ ਰਕਬੇ ਸਮੇਤ 20,000 ਏਕੜ ਰਕਬੇ ਤੋਂ ਕਬਜ਼ੇ ਹਟਾਏ ਗਏ ਹਨ। ਇਸ ਸਬੰਧੀ ਕਾਨੂੰਨੀ ਦਖ਼ਲ ਜਾਰੀ ਹੈ ਅਤੇ ਜਲਦ ਹੀ ਜ਼ਮੀਨ ਦਾ ਹੋਰ ਵੱਡਾ ਹਿੱਸਾ ਮੁੜ ਜੰਗਲਾਤ ਵਿਭਾਗ ਅਧੀਨ ਆ ਜਾਵੇਗਾ।

ਮੰਤਰੀ ਨੇ ਦੱਸਿਆ ਕਿ ਭਾਰਤ ਦੇ ਜੰਗਲਾਤ ਸਰਵੇਖਣ ਦੁਆਰਾ ਕੀਤੇ ਗਏ ਸੈਟੇਲਾਈਟ ਮੁਲਾਂਕਣ ਅਨੁਸਾਰ ਪੰਜਾਬ ਵਿੱਚ ਗ੍ਰੀਨ ਕਵਰ 900 ਵਰਗ ਕਿਲੋਮੀਟਰ ਤੋਂ ਵਧ ਕੇ 1800 ਵਰਗ ਕਿਲੋਮੀਟਰ ਹੋ ਗਿਆ ਹੈ ਅਤੇ ਪਿਛਲੇ ਦੋ ਸਾਲਾਂ ਵਿੱਚ 11 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ । ਉਨਾਂ ਕਿਹਾ ਕਿ ਜੰਗਲ ਅਧੀਨ ਰਕਬੇ ਨੂੰ ਦੁਗਣਾ ਕਰਨਾ ਇਕ ਵੱਡਾ ਕਾਰਜ ਹੈ ਅਤੇ ਇਸ ਵਿਚ ਹੋਰ ਵਾਧਾ ਕਰਨ ਲਈ ਸਾਨੂੰ ਯੋਜਨਾਬੱਧ ਢੰਗ ਨਾਲ ਪੌਦੇ ਲਗਾਉਣ ਦੀ ਜ਼ਰੂਰਤ ਹੈ।

ਇਹ ਵੀ ਦੱਸਿਆ ਗਿਆ ਕਿ ਜੰਗਲਾਤ ਵਿਭਾਗ ਨੇ ਸਾਲ 2020-21 ਦੌਰਾਨ ਵੱਖ-ਵੱਖ ਯੋਜਨਾਵਾਂ ਰਾਹੀਂ ਲਗਭਗ 5237 ਹੈਕਟੇਅਰ ਰਕਬੇ ਵਿੱਚ ਬੂਟੇ ਲਗਾਉਣ ਟੀਚਾ ਮਿੱਥਿਆ  ਹੈ। ਵਿਭਾਗ ਵੱਲੋਂ ਐਗਰੋ ਫੋਰਸਟੀ ਸਕੀਮ ਤਹਿਤ ਕਿਸਾਨਾਂ ਨੂੰ ਉਨਾਂ ਦੀਆਂ ਜ਼ਮੀਨਾਂ ਵਿਚ 24 ਲੱਖ ਬੂਟੇ ਲਗਾਉਣ ਲਈ ਸਹਾਇਤਾ ਦਿੱਤੀ ਜਾ ਰਹੀ ਹੈ।

ਆਈ-ਹਰਿਆਲੀ ਐਪ 2018-19 ਵਿਚ ਲਾਂਚ ਕੀਤੀ ਗਈ ਸੀ ਜੋ ਕਿ ਕਾਫ਼ੀ ਸਫ਼ਲ ਰਹੀ। ਹੁਣ ਤੱਕ ਇਸ ਐਪ ਨੂੰ 2,94,250 ਵਿਅਕਤੀਆਂ ਵਲੋਂ ਡਾਊਨਲੋਡ ਕੀਤਾ ਗਿਆ ਹੈ ਅਤੇ ਆਈ-ਹਰਿਆਲੀ ਐਪ ਰਾਹੀਂ 306568 ਬੂਟੇ ਦਿੱਤੇ ਜਾ ਚੁੱਕੇ ਹਨ।

ਸ੍ਰੀ ਧਰਮਸੋਤ ਨੇ ਕਿਹਾ ਕਿ ਸਿਰਫ਼ ਪੌਦੇ ਲਗਾਉਣਾ ਹੀ ਕਾਫ਼ੀ ਨਹੀਂ ਹੈ। ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਇੱਕ ਪੌਦਾ ਇੱਕ ਦਰੱਖਤ ਬਣੇ, ਇਸ ਲਈ ‘ਵਣ ਮਿੱਤਰ‘ ਨਾਮੀ ਇੱਕ ਪੌਦਿਆਂ ਦੇ ਬਚਾਅ ‘ਤੇ ਅਧਾਰਤ ਪ੍ਰੋਤਸਾਹਨ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਲੋਕਾਂ ਨੂੰ ਬੂਟਿਆਂ ਦੀ ਦੇਖਭਾਲ ਲਈ ਭੁਗਤਾਨ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਫੈਲਾਅ ਕਾਰਨ ਵਣ ਮਹੋਤਸਵ ਜੁਲਾਈ ਮਹੀਨੇ ਵਿੱਚ ਨਹੀਂ ਕਰਵਾਇਆ ਗਿਆ। ਸਾਵਧਾਨੀ ਵਰਤਦਿਆਂ ਕੋਈ ਜਨਤਕ ਇਕੱਠ ਨਹੀਂ ਕੀਤਾ ਗਿਆ ਅਤੇ ਸਮੁੱਚਾ ਸਮਾਗਮ ਰਾਜ ਪੱਧਰ ਦੇ ਨਾਲ ਨਾਲ ਜੰਗਲਾਤ ਮੰਡਲ ਪੱਧਰ ‘ਤੇ ਵੀ ਕਰਵਾਇਆ ਗਿਆ ਅਤੇ ਵੀਡਿਓ ਕਾਨਫਰੰਸਿੰਗ ਰਾਹੀਂ ਇਸ ਦਾ ਪ੍ਰਸਾਰਣ ਕੀਤਾ ਗਿਆ।

ਇਸ ਮੌਕੇ ਏ.ਸੀ.ਐੱਸ. (ਜੰਗਲਾਤ ਅਤੇ ਜੰਗਲੀ ਜੀਵਣ ਸੰਭਾਲ) ਰਵਨੀਤ ਕੌਰ, ਪ੍ਰਮੁੱਖ ਚੀਫ ਕੰਜ਼ਰਵੇਟਰ ਵਣ ਜਤਿੰਦਰ ਸ਼ਰਮਾ, ਸੌਰਭ ਗੁਪਤਾ, ਪਰਵੀਨ ਕੁਮਾਰ ਅਤੇ ਜੰਗਲਾਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

0 comments