top of page
  • globalnewsnetin

ਪੰਜਾਬ ਰਾਜ ਭਵਨ ਵਿਖੇ ਹੋਇਆ ਸ੍ਰੀ ਰਾਮ ਕਥਾ ਦਾ ਆਰੰਭ


ਚੰਡੀਗੜ, : ਪੰਜਾਬ ਰਾਜ ਭਵਨ ਚੰਡੀਗੜ ਦੇ ਸ੍ਰੀ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਦੀ ਮੌਜੂਦਗੀ ਵਿੱਚ 7 ਦਿਨਾ ਸ੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਕਥਾ ਵਾਚਕ ਸ੍ਰੀ ਵਿਜੈ ਕੌਸ਼ਲ ਜੀ ਮਹਾਰਾਜ ਵਰਿੰਦਾਵਨ ਤੋਂ ਕਥਾ ਕਰਨ ਲਈ ਪਹੁੰਚੇ।

ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਅਤੇ ਕਥਾ ਵਾਚਕ ਸ੍ਰੀ ਵਿਜੈ ਕੌਸ਼ਲ ਜੀ ਮਹਾਰਾਜ ਨੇ ਦੀਪ ਜਗਾ ਕੇ ਕਥਾ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਭਗਵਾਨ ਰਾਮ ਜੀ ਨੂੰ ਫੁੱਲ ਮਾਲਾ ਭੇਟ ਕਰਕੇ ਉਨਾਂ ਦੀ ਪੂਜਾ ਕੀਤੀ ਅਤੇ ਕਥਾ ਵਾਚਕ ਦਾ ਸੁਆਗਤ ਕੀਤਾ।

ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਵੱਲੋਂ ਕਰਵਾਇਆ ਗਿਆ ਸਮਾਗਮ ਬਹੁਤ ਹੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਹੈ। ਭਗਵਾਨ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ, ਉਨਾਂ ਦੇ ਆਦਰਸ਼ਾਂ ਨੂੰ ਸੁਣ ਕੇ ਮੈਂ ਉਨਾਂ ‘ਤੇ ਅਮਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।

ਇਸ ਦੌਰਾਨ ਕਥਾ ਵਾਚਕ ਸ੍ਰੀ ਵਿਜੈ ਕੌਸ਼ਲ ਜੀ ਮਹਾਰਾਜ ਨੇ ਚੰਡੀ ਮਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਰਾਮਾਇਣ ਦੀਆਂ ਚੌਪਾਈਆਂ ਨਾਲ ਰਾਮ ਕਥਾ ਦੀ ਸੁਰੂਆਤ ਕੀਤੀ। ਉਨਾਂ ਕਿਹਾ ਕਿ ਭਾਰਤ ਦੀ ਧਰਤੀ ਪਵਿੱਤਰ ਹੈ, ਇਸ ਦਾ ਕਣ- ਕਣ ਸ਼ੰਕਰ ਹੈ ਅਤੇ ਭਾਰਤ ਮਾਂ ਦੀ ਬੂੰਦ- ਬੂੰਦ ਗੰਗਾ ਹੈ। ਉਨਾਂ ਭਾਰਤ ਭੂਮੀ ਦੀ ਮਹਾਨਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਭਾਰਤ ਭੂਮੀ ਵਰਗੀ ਹੋਰ ਕੋਈ ਪਵਿੱਤਰ ਧਰਤੀ ਨਹੀਂ ਹੈ। ਉਨਾਂ ਕਿਹਾ ਕਿ ਭਾਰਤ ਦੇਸ਼ ਵਿੱਚ ਪੰਜਾਬ ਸੂਬੇ ਦਾ ਵਿਸ਼ੇਸ਼ ਸਥਾਨ ਹੈ। ਇਹ ਸੰਘਰਸ਼ ਅਤੇ ਕੁਰਬਾਨੀ ਦੀ ਧਰਤੀ ਹੈ। ਇਸ ਮੌਕੇ ਉਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਸਾਡੇ ਧਾਰਮਿਕ ਗੁਰੂਆਂ ਨੇ ਧਰਮ ਦੀ ਖਾਤਰ ਬਹੁਤ ਕੁਰਬਾਨੀਆਂ ਦਿੱਤੀਆਂ । ਉਨਾਂ ਨੇ ਸੁਰੀਲਾ ਭਜਨ ‘ਹਿੰਦ ਤੇਰੀ ਸਾਨ ਬਦਲੇ‘ ਗਾ ਕੇ ਭਾਰਤ ਮਾਤਾ ਦੇ ਬਹਾਦਰ ਸਪੂਤਾਂ ਨੂੰ ਯਾਦ ਕੀਤਾ।

ਉਨਾਂ ਨੇ ਪਹਿਲੇ ਦਿਨ ਦੀ ਕਥਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਭਗਵਾਨ ਰਾਮ ਦੇ ਦਰਸ਼ਨ ਦੀ ਤਾਂਘ ਉਦੋਂ ਹੀ ਪੈਦਾ ਹੋਵੇਗੀ ਜਦੋਂ ਤੁਸੀਂ ਰਾਮ ਕਥਾ ਸੁਣੋਗੇ। ਰਾਮ ਕਥਾ ਸੁਣ ਕੇ ਹੀ ਬੇੜਾ ਪਾਰ ਹੋ ਜਾਵੇਗਾ। ਤਣਾਅ ਇਹ ਹੈ ਕਿ ਅੱਜ ਕੋਈ ਇਨਸਾਨ ਕਿਸੇ ਦੀ ਨਹੀਂ ਸੁਣਦਾ, ਪਿਓ ਪੁੱਤ ਦੀ , ਪੁੱਤ ਪਿਓ ਦੀ , ਗੁਆਂਢੀ- ਗੁਆਂਢੀ ਦੀ ,ਭਰਾ- ਭਰਾ ਦੀ, ਕੋਈ ਕਿਸੇ ਦੀ ਨਹੀਂ ਸੁਣਦਾ। ਸਮੱਸਿਆ ਨਾ ਸੁਣਨ ਦੀ ਹੀ ਹੈ, ਸਿਰਫ ਮਾਂ ਸੁਣਦੀ ਹੈ, ਇਸ ਲਈ ਮਾਂ ਸ਼ਾਂਤ ਹੈ। ਇਨਸਾਨ ਇਧਰ-ਉਧਰ ਦੀਆਂ ਗੱਲਾਂ ਵੱਲ ਧਿਆਨ ਦਿੰਦਾ ਹੈ, ਜਿਸਨੂੰ ਸੁਣਦੇ ਸੁਣਦੇ ਹੀ ਉਸ ਦੀਆਂ ਧਾਰਨਾਵਾਂ ਬਣਨ ਲੱਗਦੀਆਂ ਹਨ। ਉਨਾਂ ਕਿਹਾ ਕਿ ਜੋ ਗੱਲ ਤੁਸੀਂ ਆਪਣੇ ਕੰਨਾਂ ਨਾਲ ਸੁਣੋਗੇ, ਮੂੰਹ ਉਸਦੀ ਹੀ ਚਰਚਾ ਕਰੇਗਾ, ਇਹ ਵਿਗਿਆਨ ਹੈ। ਜੋ ਕੁਝ ਸਾਡੇ ਅੰਦਰ ਜਾਂਦਾ ਹੈ, ਉਹ ਮੂੰਹ ਰਾਹੀਂ ਬਾਹਰ ਆਉਂਦਾ ਹੈ। ਜੋ ਕੁਝ ਤੁਸੀਂ ਆਪਣੇ ਕੰਨਾਂ ਨਾਲ ਸੁਣੋਗੇ ਉਹ ਤੁਹਾਡੇ ਮਨ ਵਿੱਚ ਬੈਠ ਜਾਵੇਗਾ ਅਤੇ ਤੁਹਾਡਾ ਮੂੰਹ ਉਹੀ ਚੰਗਾ ਜਾਂ ਮਾੜਾ ਬੋਲੇਗਾ। ਇਸ ਲਈ ਪ੍ਰਭੂ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ। ਉਨਾਂ ਰਾਮ ਨਾਮ ਦਾ ਗੁਣਗਾਨ ਕਰਦਿਆਂ ਦੱਸਿਆ ਕਿ ਕਲਯੁਗ ਵਿੱਚ ਮਨੁੱਖ ਯੋਗ, ਯੱਗ, ਤਪੱਸਿਆ ਨਹੀਂ ਕਰ ਸਕਦਾ, ਇਸ ਲਈ ਕਲਯੁਗ ਵਿੱਚ ਕੇਵਲ ਨਾਮ ਦਾ ਜਾਪ ਕਰੋ ਕਿਉਂਕਿ ਕਲਯੁਗ ਵਿੱਚ ਨਾਮ ਹੀ ਆਧਾਰ ਹੈ ਜਿਸ ਰਾਹੀਂ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਪਰਮਾਤਮਾ ਦੇ ਹਜਾਰਾਂ ਨਾਮ ਹਨ, ਇਸ ਲਈ ਤੁਰਦ-ਫਿਰਦੇ ਅਤੇ ਉਠਦੇ -ਬਹਿੰਦੇ ਸਮੇਂ ਪਰਮਾਤਮਾ ਦਾ ਕੋਈ ਵੀ ਨਾਮ ਲੈਂਦੇ ਰਹਿਣਾ ਚਾਹੀਦਾ ਹੈ। ਨਾਮ ਲੈਣ ਨਾਲ ਹੀ ਆਤਮਾ ਪਵਿੱਤਰ ਹੋਵੇਗੀ। ਅਸ਼ਾਂਤੀ ਦਾ ਮਾਹੌਲ ਉਦੋਂ ਹੀ ਸੁਧਰੇਗਾ ਜਦੋਂ ਤੁਸੀਂ ਭਗਵਾਨ ਰਾਮ ਨੂੰ ਆਪਣੇ ਹਿਰਦੇ ਵਿੱਚ ਬਿਠਾ ਲਵੋਗੇ।

ਇਸ ਮੌਕੇ ਪੰਜਾਬ, ਚੰਡੀਗੜ ਅਤੇ ਹਰਿਆਣਾ ਤੋਂ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ ਅਤੇ ਸ੍ਰੀ ਰਾਮ ਕਥਾ ਸਰਵਣ ਕੀਤੀ।

0 comments
bottom of page