top of page
  • globalnewsnetin

ਪੰਜਾਬ ਲੋਕ ਕਾਂਗਰਸ ਮੁਖੀ ਵਲੋਂ ਜਾਰੀ ਕੀਤੀ ਪਹਿਲੀ ਲਿਸਟ ਵਿੱਚ ਹਰ ਵਰਗ ਦੇ ਲੋਕਾਂ ਦੀ ਰੱਖੀ ਗਈ ਪ੍ਰਤੀਨਿਧਤਾ


ਹੁਣ ਤੱਕ ਦੇ ਫਾਈਨਲ 22 ਨਾਵਾਂ ਵਿਚੋਂ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ, ਮਲੇਰਕੋਟਲਾ ਤੋਂ ਸਾਬਕਾ ਅਕਾਲੀ ਵਿਧਾਇਕ ਫਰਜ਼ਾਨਾ ਆਲਮ ਸ਼ਾਮਿਲ

ਗਠਜੋੜ ਵਿੱਚ ਪੀ.ਐਲ.ਸੀ. ਦੀ ਮੌਜੂਦਾ ਹਿੱਸੇਦਾਰੀ ਦੀ 37 ਸੀਟਾਂ ਵਿੱਚੋਂ, 26 ਸੀਟਾਂ ਕੈਪਟਨ ਦੀ ਮਜ਼ਬੂਤ ਪਕੜ ਮਾਲਵਾ ਖੇਤਰ ਨਾਲ ਸੰਬੰਧਿਤ

ਚੰਡੀਗੜ੍ਹ, : ਕੈਪਟਨ ਅਮਰਿੰਦਰ ਸਿੰਘ ਨੇ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਲੋਕ ਕਾਂਗਰਸ (ਪੀ.ਐੱਲ.ਸੀ.) ਦੇ 22 ਹਲਕਿਆਂ ਤੋਂ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ, ਜੋ ਕਿ ਖੇਤਰਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਬਣਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਂਦੇ ਹੋਏ ਜਿੱਤ ਦੀ ਯੋਗਤਾ 'ਤੇ ਸਪੱਸ਼ਟ ਧਿਆਨ ਕੇਂਦਰਿਤ ਕਰਕੇ ਬਣਾਈ ਗਈ ਹੈ।

ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਦੇ ਹਿੱਸੇ ਵਜੋਂ ਪੀਐਲਸੀ ਨੂੰ ਇਸ ਸਮੇਂ ਰਾਜ ਦੀਆਂ 117 ਵਿੱਚੋਂ 37 ਸੀਟਾਂ ਮਿਲੀਆਂ ਹਨ, ਜਦਕਿ ਪਾਰਟੀ ਲਈ ਸੰਭਾਵਤ ਤੌਰ 'ਤੇ ਪੰਜ ਹੋਰ ਸੀਟਾਂ 'ਤੇ ਵਿਚਾਰ-ਵਟਾਂਦਰਾ ਅਜੇ ਵੀ ਜਾਰੀ ਹੈ।

ਪੀ.ਐਲ.ਸੀ ਦੀਆਂ 37 ਸੀਟਾਂ ਵਿੱਚੋਂ, ਸਭ ਤੋਂ ਵੱਧ 26 ਮਾਲਵਾ ਖੇਤਰ ਦੀਆਂ ਹਨ, ਜਿੱਥੇ ਕੈਪਟਨ ਅਮਰਿੰਦਰ 2004 ਦੇ ਆਪਣੇ ਜ਼ਮੀਨੀ ਪੱਧਰ ਦੇ ਵਾਟਰ ਟਰਮੀਨੇਸ਼ਨ ਐਕਟ ਅਤੇ ਬੀਟੀ ਕਪਾਹ ਦੀ ਸ਼ੁਰੂਆਤ ਨਾਲ 2007 ਦੀਆਂ ਚੋਣਾਂ ਵਿੱਚ ਕਾਂਗਰਸ ਲਈ ਇੱਕਲੇ ਹੀ ਗੇਮ-ਚੇਂਜਰ ਵਜੋਂ ਸਾਬਿਤ ਹੋਏ ਸੀ। ਹਾਲ ਹੀ ਵਿੱਚ, ਇਸ ਖੇਤਰ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕੈਪਟਨ ਅਮਰਿੰਦਰ ਦਾ ਮਜ਼ਬੂਤ ਅਤੇ ਸਪੱਸ਼ਟ ਸਮਰਥਨ ਵੀ ਮਿਲਿਆ ਸੀ, ਜੋ ਕਿ ਦਿੱਲੀ ਦੀਆਂ ਸਰਹੱਦਾਂ ਵੱਲ ਜਾਣ ਤੋਂ ਪਹਿਲਾਂ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਕੇਂਦਰ ਰਿਹਾ ਸੀ।

ਕੇਂਦਰ ਦੁਆਰਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਪਿੱਛੇ ਵੀ ਸਾਬਕਾ ਮੁੱਖ ਮੰਤਰੀ ਦਾ ਵੱਡਾ ਹੱਥ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਕੈਪਟਨ ਅਮਰਿੰਦਰ ਦੇ ਇਸ ਖੇਤਰ ਨਾਲ ਮਜ਼ਬੂਤ ਪਰਿਵਾਰਕ ਸਬੰਧ ਹਨ, ਜੋ ਕਿ ਪਟਿਆਲਾ ਦੀ ਪੁਰਾਣੀ ਸ਼ਾਹੀ ਰਿਆਸਤ ਦਾ ਹਿੱਸਾ ਹੁੰਦਾ ਸੀ।

ਇਸ ਸਮੇਂ ਮਾਝਾ ਖੇਤਰ ਦੀ ਸੀਟ ਅਲਾਟਮੈਂਟ ਵਿੱਚ ਪੀਐਲਸੀ ਦੀ ਹਿੱਸੇਦਾਰੀ 7 ਹੈ, ਜਦੋਂ ਕਿ ਦੋਆਬਾ ਖੇਤਰ ਵਿੱਚ ਚਾਰ ਸੀਟਾਂ ਹਨ।


ਨਾਮਜ਼ਦਗੀਆਂ ਦੀ ਪਹਿਲੀ ਸੂਚੀ ਜਾਰੀ ਕਰਦੇ ਹੋਏ, ਪੀਐੱਲਸੀ ਮੁਖੀ ਨੇ ਕਿਹਾ ਕਿ ਇਹ ਸਾਰੇ ਉਮੀਦਵਾਰ ਮਜ਼ਬੂਤ ਸਿਆਸੀ ਸਾਖ ਰੱਖਦੇ ਹਨ ਅਤੇ ਆਪੋ-ਆਪਣੇ ਹਲਕਿਆਂ ਵਿੱਚ ਜਾਣੇ-ਪਛਾਣੇ ਚਿਹਰੇ ਹਨ। ਇਸ ਪਹਿਲੀ ਸੂਚੀ ਵਿੱਚ ਇੱਕ ਮਹਿਲਾ ਉਮੀਦਵਾਰ ਵੀ ਹੈ। ਸਾਬਕਾ ਅਕਾਲੀ ਵਿਧਾਇਕ ਅਤੇ ਮਰਹੂਮ ਡੀਜੀਪੀ ਇਜ਼ਹਾਰ ਆਲਮ ਖਾਨ ਦੀ ਪਤਨੀ ਫਰਜ਼ਾਨਾ ਆਲਮ ਖਾਨ ਮਾਲਵਾ ਖੇਤਰ ਦੇ ਮਾਲੇਰਕੋਟਲਾ ਤੋਂ ਚੋਣ ਲੜਨਗੇ।


ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਸ਼ਨੀਵਾਰ ਨੂੰ ਆਪਣੇ ਘਰੇਲੂ ਹਲਕੇ ਪਟਿਆਲਾ ਸ਼ਹਿਰੀ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ, ਤੋਂ ਇਲਾਵਾ ਅੱਠ ਹੋਰ ਜੱਟ ਸਿੱਖ ਵੀ ਸੰਤੁਲਿਤ ਪਹਿਲੀ ਸੂਚੀ ਵਿੱਚ ਸ਼ਾਮਲ ਹਨ। ਉਮੀਦਵਾਰਾਂ ਵਿੱਚੋਂ ਚਾਰ ਐਸਸੀ ਭਾਈਚਾਰੇ ਨਾਲ ਸਬੰਧਤ ਹਨ, ਤਿੰਨ ਓਬੀਸੀ ਭਾਈਚਾਰੇ ਨਾਲ ਹਨ, ਜਦੋਂ ਕਿ ਪੰਜ ਹਿੰਦੂ ਚਿਹਰੇ (ਤਿੰਨ ਪੰਡਿਤ ਅਤੇ ਦੋ ਅਗਰਵਾਲ) ਹਨ।


ਕੈਪਟਨ ਅਮਰਿੰਦਰ ਅਤੇ ਫਰਜ਼ਾਨਾ ਆਲਮ ਤੋਂ ਇਲਾਵਾ, ਮਾਲਵਾ ਖੇਤਰ ਤੋਂ ਇਕ ਹੋਰ ਪ੍ਰਮੁੱਖ ਉਮੀਦਵਾਰ ਪਟਿਆਲਾ ਦੇ ਮੌਜੂਦਾ ਮੇਅਰ ਸੰਜੀਵ ਸ਼ਰਮਾ ਉਰਫ ਬਿੱਟੂ ਸ਼ਰਮਾ ਹਨ, ਜੋ ਕਈ ਸਾਲਾਂ ਤੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸਨ। ਸ਼ਰਮਾ ਪਟਿਆਲਾ ਦਿਹਾਤੀ ਸੀਟ ਤੋਂ ਚੋਣ ਲੜਨਗੇ।


ਕਮਲਦੀਪ ਸੈਣੀ, ਸਾਬਕਾ ਪ੍ਰਦੇਸ਼ ਕਾਂਗਰਸ ਸਕੱਤਰ, ਸਾਬਕਾ ਚੇਅਰਮੈਨ ਸਹਿਕਾਰੀ ਬੈਂਕ ਪੰਜਾਬ ਅਤੇ ਜਨਰਲ ਸਕੱਤਰ ਇੰਚਾਰਜ ਪੀ.ਐੱਲ.ਸੀ. ਨੂੰ ਖਰੜ ਤੋਂ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਜਗਮੋਹਨ ਸ਼ਰਮਾ ਜੋ ਕਿ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਦੇ ਪ੍ਰਧਾਨ ਸਨ ਅਤੇ ਇਸ ਸਮੇਂ ਪੀ.ਐੱਲ.ਸੀ. ਦੇ ਪ੍ਰਧਾਨ ਹਨ, ਓਹਨਾ ਨੂੰ ਲੁਧਿਆਣਾ ਪੂਰਬੀ ਲਈ ਚੁਣਿਆ ਗਿਆ ਹੈ। ਲੁਧਿਆਣਾ ਦੱਖਣੀ ਸੀਟ ਦੀ ਨੁਮਾਇੰਦਗੀ ਪਿਛਲੀ ਅਕਾਲੀ ਸਰਕਾਰ ਵਿੱਚ ਸਾਬਕਾ ਸਹਿਕਾਰਤਾ ਮੰਤਰੀ ਦੇ ਪੁੱਤਰ ਸਤਿੰਦਰਪਾਲ ਸਿੰਘ ਤਾਜਪੁਰੀ ਵੱਲੋਂ ਕੀਤੀ ਜਾਵੇਗੀ।


ਮਾਨਸਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਲੁਧਿਆਣਾ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰੇਮ ਮਿੱਤਲ ਆਤਮਨਗਰ ਤੋਂ ਚੋਣ ਲੜਨਗੇ, ਜਦਕਿ ਯੂਥ ਕਾਂਗਰਸ ਦੇ ਸਰਗਰਮ ਆਗੂ ਦਮਨਜੀਤ ਸਿੰਘ ਮੋਹੀ, ਜੋ ਪਹਿਲਾਂ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਮਾਰਕੀਟ ਕਮੇਟੀ ਮੁੱਲਾਂਪੁਰ ਦੇ ਚੇਅਰਮੈਨ ਰਹਿ ਚੁੱਕੇ ਹਨ ਉਹ ਦਾਖਾ ਸੀਟ ਤੋਂ ਲੜਨਗੇ।


ਇਕ ਪ੍ਰਸਿੱਧ ਦਲਿਤ ਚਿਹਰਾ ਅਤੇ ਸੇਵਾਮੁਕਤ ਪੀਪੀਐਸ ਅਧਿਕਾਰੀ ਮੁਖਤਿਆਰ ਸਿੰਘ ਨੂੰ ਰਾਖਵੇਂ ਹਲਕੇ ਨਿਹਾਲ ਸਿੰਘ ਵਾਲਾ ਤੋਂ ਪਾਰਟੀ ਟਿਕਟ ਲਈ ਨਾਮਜ਼ਦ ਕੀਤਾ ਗਿਆ ਹੈ। ਧਰਮਕੋਟ ਸੀਟ ਤੋਂ ਰਵਿੰਦਰ ਸਿੰਘ ਗਰੇਵਾਲ, ਜੋ ਕਿ ਵਕੀਲ, ਕਿਸਾਨ ਅਤੇ ਵਪਾਰੀ ਹਨ, ਨੂੰ ਟਿਕਟ ਮਿਲੀ ਹੈ। ਇੱਕ ਦਹਾਕੇ ਤੋਂ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰ ਡਾ: ਅਮਰਜੀਤ ਸ਼ਰਮਾ ਨੂੰ ਰਾਮਪੁਰਾ ਫੂਲ ਤੋਂ ਉਤਾਰਿਆ ਗਿਆ ਹੈ।


ਇੱਕ ਸਥਾਪਤ ਵਪਾਰੀ, ਟਰਾਂਸਪੋਰਟਰ ਅਤੇ ਕਿਸਾਨ, ਰਾਜ ਨੰਬਰਦਾਰ, ਬਠਿੰਡਾ ਤੋਂ ਇੱਕ ਪ੍ਰਮੁੱਖ ਹਿੰਦੂ ਚਿਹਰਾ ਹੈ ਅਤੇ ਬਠਿੰਡਾ ਸ਼ਹਿਰੀ ਤੋਂ ਚੋਣ ਲੜਣਗੇ। ਇਤਫਾਕ ਨਾਲ, ਉਨ੍ਹਾਂ ਦੇ ਪਿਤਾ ਦੇਵ ਰਾਜ ਨੰਬਰਦਾਰ ਨੇ ਵੀ 1985 ਵਿੱਚ ਬਠਿੰਡਾ ਤੋਂ ਚੋਣ ਲੜੀ ਸੀ। ਬਠਿੰਡਾ ਦਿਹਾਤੀ ਜੋਕਿ ਇੱਕ ਰਾਖਵਾਂ ਹਲਕਾ, ਤੋਂ ਸਵੇਰਾ ਸਿੰਘ, ਮਰਹੂਮ ਵਿਧਾਇਕ ਮੱਖਣ ਸਿੰਘ ਦੇ ਪੁੱਤਰ ਅਤੇ ਮੌਜੂਦਾ ਸਮੇਂ ਵਿੱਚ ਪੰਜਾਬ ਜਲ ਸਰੋਤ ਪ੍ਰਬੰਧਨ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਲੜਨਗੇ।


ਇੱਕ ਹੋਰ ਰਾਖਵੀਂ ਸੀਟ, ਬੁਢਲਾਡਾ ਤੋਂ ਪੀਐਲਸੀ ਉਮੀਦਵਾਰ ਸੂਬੇਦਾਰ ਭੋਲਾ ਸਿੰਘ ਹਸਨਪੁਰ ਹਨ, ਜਿਨ੍ਹਾਂ ਨੇ 28 ਸਾਲ ਭਾਰਤੀ ਫੌਜ ਵਿੱਚ ਸੇਵਾ ਕੀਤੀ ਅਤੇ ਸਰਬਸੰਮਤੀ ਨਾਲ ਆਪਣੇ ਪਿੰਡ ਦੇ ਸਰਪੰਚ ਚੁਣੇ ਗਏ ਸਨ। ਤਿੰਨ ਵਾਰ ਨਗਰ ਕੌਂਸਲਰ ਅਤੇ ਸਾਬਕਾ ਮੈਂਬਰ ਇੰਪਰੂਵਮੈਂਟ ਟਰੱਸਟ, ਬਰਨਾਲਾ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦੇ ਸਾਬਕਾ ਪ੍ਰਧਾਨ ਧਰਮ ਸਿੰਘ ਫੌਜੀ ਨੂੰ ਭਦੌੜ (ਐਸਸੀ) ਤੋਂ ਪੀਐਲਸੀ ਉਮੀਦਵਾਰ ਵਜੋਂ ਚੁਣਿਆ ਗਿਆ ਹੈ।


ਸਨੌਰ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀ ਅਤੇ ਸਲਾਹਕਾਰ ਬੀ.ਆਈ.ਐਸ. ਚਾਹਲ ਦੇ ਪੁੱਤਰ ਵਪਾਰੀ ਅਤੇ ਨੌਜਵਾਨ ਸਮਾਜ ਸੇਵੀ ਬਿਕਰਮਜੀਤ ਇੰਦਰ ਸਿੰਘ ਚਾਹਲ ਚੋਣ ਲੜਨਗੇ। ਜਦਕਿ ਸਮਾਣਾ ਤੋਂ ਉਮੀਦਵਾਰ ਸੁਰਿੰਦਰ ਸਿੰਘ ਖੇੜਕੀ, ਸਕੱਤਰ ਪ੍ਰਦੇਸ਼ ਕਾਂਗਰਸ ਅਤੇ ਪੰਚਾਇਤ ਸੰਮਤੀ ਦੇ ਸਾਬਕਾ ਮੈਂਬਰ ਹੋਣਗੇ।


ਮਾਝਾ ਖੇਤਰ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਤੇਜਿੰਦਰ ਸਿੰਘ ਰੰਧਾਵਾ ਉਰਫ ਬਿਊਟੀ ਰੰਧਾਵਾ ਫਤਿਹਗੜ੍ਹ ਚੂੜੀਆਂ ਤੋਂ ਉਮੀਦਵਾਰ ਹਨ, ਜਦਕਿ ਸਾਬਕਾ ਵਿਧਾਇਕ ਅਤੇ ਜੰਗਲਾਤ ਨਿਗਮ ਦੇ ਸਾਬਕਾ ਚੇਅਰਮੈਨ ਦੇ ਨਾਲ-ਨਾਲ ਬੈਕਫਿੰਕੋ ਦੇ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਠੇਕੇਦਾਰ ਅੰਮ੍ਰਿਤਸਰ ਦੱਖਣੀ ਤੋਂ ਚੋਣ ਲੜਨਗੇ।


ਦੋਆਬਾ ਖੇਤਰ ਤੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਭੁਲੱਥ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਬੁਲਾਰੇ ਅਮਨਦੀਪ ਸਿੰਘ ਉਰਫ਼ ਗੋਰਾ ਗਿੱਲ ਅਤੇ ਨਕੋਦਰ ਤੋਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਜੀਤਪਾਲ ਸਿੰਘ ਸ਼ਾਮਲ ਹਨ। ਨਵਾਂਸ਼ਹਿਰ ਲਈ ਚੁਣੇ ਗਏ ਸਤਵੀਰ ਸਿੰਘ ਪੱਲੀ ਝਿੱਕੀ, ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ, ਨਵਾਂਸ਼ਹਿਰ ਅਤੇ ਸਾਬਕਾ ਪ੍ਰਧਾਨ, ਪੰਜਾਬ ਯੂਥ ਕਾਂਗਰਸ, ਜ਼ਿਲ੍ਹਾ ਨਵਾਂਸ਼ਹਿਰ ਰਹੇ ਹਨ।

0 comments
bottom of page