top of page
  • globalnewsnetin

ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀ ਨਾਕਾਬੰਦੀ ਦੀ ਵਿਉਂਤਬੰਦੀ ਸਪਸ਼ਟ ਤੌਰ 'ਤੇ ਚੰਨੀ ਸਰਕਾਰ ਵਲੋੰ ਹੀ ਕੀਤੀ ਗਈ ਸੀ


ਕਿਹਾ ਕਿ ED ਦੀ ਛਾਪੇਮਾਰੀ ਨੇ ਚੰਨੀ ਸਰਕਾਰ ਨੂੰ 'ਸੂਟਕੇਸ ਦੀ ਸਰਕਾਰ' ਵਜੋਂ ਬੇਨਕਾਬ ਕਰ ਦਿੱਤਾ ਹੈ, ਜਿਸ ਨੇ ਪੰਜਾਬ ਵਿੱਚ ਤਬਾਦਲੇ ਅਤੇ ਤਾਇਨਾਤੀ ਨੂੰ ਇੱਕ ਉਦਯੋਗ ਬਣਾ ਲਿਆ ਸੀ

ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸੋਨੀਆ ਗਾਂਧੀ ਨਾਲ ਗੈਰ-ਕਾਨੂੰਨੀ ਮਾਈਨਿੰਗ ਵਿੱਚ ਕਾਂਗਰਸੀ ਵਿਧਾਇਕਾਂ ਦੀ ਸ਼ਮੂਲੀਅਤ ਬਾਰੇ ਚਰਚਾ ਕੀਤੀ ਸੀ

ਚੰਡੀਗੜ੍ਹ, : ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ.) ਦੇ ਮੁੱਖੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਚਰਨਜੀਤ ਸਿੰਘ ਚੰਨੀ 'ਤੇ ਤਿੱਖਾ ਹਮਲਾ ਬੋਲਦੀਆਂ ਕਿਹਾ, ਉਸ ਦੀ ਸਰਕਾਰ ਨੇ ਸਪੱਸ਼ਟ ਤੌਰ 'ਤੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀ ਨਾਕਾਬੰਦੀ ਦੀ ਵਿਉਂਤਬੰਦੀ ਕੀਤੀ ਸੀ, ਜਿਸ ਕਾਰਨ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਗੰਭੀਰ ਕੁਤਾਹੀ ਹੋਈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਉਸ ਹੀ ਪੁਲ ਤੋਂ ਲੰਘ ਚੁੱਕੇ ਸਨ, ਜਿੱਥੇ ਬਾਅਦ ਵਿੱਚ ਪ੍ਰਧਾਨ ਮੰਤਰੀ ਲੰਮੇ ਸਮੇਂ ਲਈ ਫਸੇ ਰਹੇ ਸਨ ਅਤੇ ਉੱਥੇ ਪਹਿਲੇ ਕੋਈ ਨਾਕਾਬੰਦੀ ਨਹੀਂ ਸੀ। "ਸਪੱਸ਼ਟ ਤੌਰ 'ਤੇ, ਚੰਨੀ ਸਰਕਾਰ ਨੇ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਉਹ ਕਿਸਾਨਾਂ ਨੂੰ ਨਾ ਹਟਾਏ ਜੋ ਭਾਜਪਾ ਦੀਆਂ ਬੱਸਾਂ ਨੂੰ ਮੌਕੇ 'ਤੇ ਪਹੁੰਚਣ ਤੋਂ ਰੋਕ ਰਹੇ ਸਨ।"

ਸਾਬਕਾ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਸੁਰੱਖਿਆ ਦੀ ਇੱਕ ਵੱਡੀ ਕਮੀ ਦੱਸਦਿਆਂ ਕਿਹਾ ਕਿ ਅਜਿਹੀ ਘਟਨਾ ਦਾ ਸਾਹਮਣਾ ਕਿਸੇ ਵੀ ਸੰਵਿਧਾਨਕ ਮੁਖੀ ਨੂੰ ਨਹੀਂ ਕਰਨਾ ਪੈਣਾ ਚਾਹੀਦਾ ਸੀ, ਜੋਕਿ ਕੌਮਾਂਤਰੀ ਸਰਹੱਦ ਦੇ ਨੇੜੇ ਹੋਣ ਕਾਰਨ ਪ੍ਰਧਾਨ ਮੰਤਰੀ ਦੀ ਜਾਨ ਲਈ ਖ਼ਤਰਾ ਵੀ ਬਣ ਸਕਦਾ ਸੀ। ਓਹਨਾ ਕਿਹਾ ਕਿ ਚੰਨੀ ਨੂੰ ਵਿਰੋਧੀ ਸੂਰ ਅਖਤੀਆਰਣ ਦੀ ਬਜਾਏ ਸਪੱਸ਼ਟ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਸੀ। "ਅਸੀਂ ਇਕ ਸੰਵੇਦਨਸ਼ੀਲ ਸਰਹੱਦੀ ਰਾਜ ਹਾਂ ਅਤੇ ਪਾਕਿਸਤਾਨੀ ਆਈ ਐੱਸ ਆਈ ਹਮੇਸ਼ਾ ਇੱਥੇ ਮੁਸੀਬਤ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਸਾਨੂੰ ਅਹੇਜੀ ਅਣਗਿਹਲੀ ਤੋਂ ਹਰ ਹਾਲ ਵਿੱਚ ਬਚਣਾ ਚਾਹੀਦਾ ਸੀ।"

ਚੰਨੀ ਗੈਰ-ਭਰੋਸੇਯੋਗ ਵਿਅਕਤੀ ਵਜੋਂ ਸਾਹਮਣੇ ਆਇਆ ਹੈ ਜਿਸ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਪੰਜਾਬ ਵਿੱਚ ਤਬਾਦਲੇ ਅਤੇ ਤਾਇਨਾਤੀ ਨੂੰ ਇੱਕ ਉਦਯੋਗ ਬਣਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਈਡੀ ਦੇ ਹਾਲ ਹੀ ਦੇ ਛਾਪਿਆਂ ਵਿੱਚ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਤੋਂ ਮਿਲੇ ਕਰੋੜਾਂ ਰੁਪਏ ਦੇ ਖੁਲਾਸੇ ਤੋਂ ਬਾਅਦ ਮੌਜੂਦਾ ਸਰਕਾਰ 'ਸੂਟਕੇਸ ਦੀ ਸਰਕਾਰ' ਵਜੋਂ ਬੇਨਕਾਬ ਹੋ ਗਈ ਹੈ।

ਇੱਕ ਸੋਸ਼ਲ ਮੀਡੀਆ ਗੱਲਬਾਤ ਵਿੱਚ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਚੰਨੀ ਦੇ ਰਿਸ਼ਤੇਦਾਰਾਂ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜ਼ਬਤੀ ਉਸ ਕੇਸ ਦੀ ਫਾਲੋ-ਅਪ ਸੀ ਜੋ ਏਜੰਸੀ ਨੇ ਉਦੋਂ ਦਰਜ ਕੀਤਾ ਸੀ ਜਦੋਂ ਉਨ੍ਹਾਂ ਨੇ ਸਰਕਾਰ ਦੀ ਅਗਵਾਈ ਕਰਦੇ ਹੋਏ ਜਾਂਚ ਦੇ ਆਦੇਸ਼ ਦਿੱਤੇ ਸਨ। ਬਦਕਿਸਮਤੀ ਨਾਲ, ਉਨ੍ਹਾਂ ਨੇ ਕਿਹਾ ਕਿ ਉਹ ਸੂਬੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਕਾਂਗਰਸੀ ਵਿਧਾਇਕਾਂ ਵਿਰੁੱਧ ਕੋਈ ਗੰਭੀਰ ਕਾਰਵਾਈ ਕਰਨ ਵਿੱਚ ਅਸਮਰੱਥ ਰਹੇ ਹਨ ਕਿਉਂਕਿ ਇਸ ਨਾਲ ਪਾਰਟੀ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਸੀ ਅਤੇ ਸੋਨੀਆ ਗਾਂਧੀ ਉਨ੍ਹਾਂ ਦੇ ਸਵਾਲ ਦਾ ਜਵਾਬ ਦੇਣ ਵਿੱਚ ਅਸਫਲ ਰਹੀ ਸੀ ਕਿ ਉਹ ਕਿਸ ਮੰਤਰੀ ਜਾਂ ਵਿਧਾਇਕ ਨੂੰ ਇਸ ਮੁੱਦੇ 'ਤੇ ਬਰਖਾਸਤ ਕਰਨਾ ਚਾਹੁੰਦੇ ਸੀ।

ਕੈਪਟਨ ਅਮਰਿੰਦਰ ਨੇ ਚੰਨੀ ਦੇ ਖਿਲਾਫ #metoo ਦੀ ਸ਼ਿਕਾਇਤ ਨੂੰ ਸੁਲਝਾਉਣ ਵਿੱਚ ਮਦਦ ਕਰਨ 'ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਤਤਕਾਲੀ ਮੰਤਰੀ ਉਨ੍ਹਾਂ ਦੇ ਪੈਰਾਂ 'ਤੇ ਡਿੱਗ ਪਿਆ ਸੀ ਅਤੇ ਉਸਨੇ ਜੀਵਨ ਭਰ ਉਨ੍ਹਾਂ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕੀਤਾ ਸੀ। "ਹੁਣ ਉਹ ਰੰਗ ਬਦਲ ਗਿਆ ਹੈ ਅਤੇ ਦਾਅਵਾ ਕਰ ਰਿਹਾ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਮੇਰੇ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ!"

ਚੰਨੀ ਨੂੰ ਪੂਰੀ ਤਰ੍ਹਾਂ ਫੇਲ੍ਹ ਕਰਾਰ ਦਿੰਦਿਆਂ ਪੀਐੱਲਸੀ ਮੁਖੀ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਤਾਇਨਾਤੀਆਂ ਅਤੇ ਤਬਾਦਲਿਆਂ ਤੋਂ ਇਲਾਵਾ ਕੁਝ ਨਹੀਂ ਕੀਤਾ। “ਤਿੰਨ ਡੀਜੀਪੀ ਬਦਲੇ ਗਏ ਹਨ, ਉਨ੍ਹਾਂ ਦੇ ਗ੍ਰਹਿ ਮੰਤਰੀ 'ਤੇ ਉਨ੍ਹਾਂ ਦੇ ਸਹਿਯੋਗੀ ਨੇ ਕੈਬਨਿਟ ਮੀਟਿੰਗ ਵਿੱਚ ਖੁੱਲ੍ਹੇਆਮ ਇਲਜ਼ਾਮ ਲਗਾਇਆ ਹੈ ਕਿ ਐਸਐਸਪੀ ਦੀ ਪੋਸਟਿੰਗ ਲਈ ਪੈਸੇ ਲਏ ਜਾ ਰਹੇ ਹਨ, ਏਜੀ ਦੀ ਪੋਸਟ ਨੂੰ ਲੈ ਕੇ ਰੱਸਾਕਸ਼ੀ ਹੋਈ ਹੈ... ਇਹ 'ਲੋਕਾਂ ਦੀ ਸਰਕਾਰ' ਨਹੀਂ ਸੀ, ਸਗੋਂ 'ਤਬਾਦਲੇ ਅਤੇ ਤਾਇਨਾਤੀ ਦੀ ਸਰਕਾਰ' ਸੀ, ਜੋ 'ਸੂਟਕੇਸ ਦੀ ਸਰਕਾਰ' ਵੀ ਬਣ ਗਈ ਸੀ,” ਅਮਰਿੰਦਰ ਸਿੰਘ ਨੇ ਅੱਗੇ ਕਿਹਾ।


ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਕਰਜ਼ਾ ਮੁਆਫ਼ੀ, ਘਰ-ਘਰ ਰੁਜ਼ਗਾਰ ਸਕੀਮ ਤਹਿਤ ਨੌਕਰੀਆਂ, ਪੰਜਾਬ ਵਿੱਚ ਨਿਵੇਸ਼, ਔਰਤਾਂ ਲਈ ਮੁਫ਼ਤ ਬੱਸ ਸਫ਼ਰ ਆਦਿ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦਿਆਂ ਕਿਹਾ,“ਚੰਨੀ ਵੱਲੋਂ ਕੀਤੇ ਐਲਾਨ ਵੀ ਕੁਝ ਨਹੀਂ ਸਗੋਂ ਮੇਰੇ ਵੱਲੋਂ ਸ਼ੁਰੂ ਕੀਤੇ ਜਾਂ ਐਲਾਨੇ ਪ੍ਰੋਜੈਕਟ ਹਨ।” "ਇੱਥੋਂ ਤੱਕ ਕਿ ਮੁਫਤ ਬਿਜਲੀ ਜਿਸ ਨੂੰ ਉਹ ਆਪਣੀ ਪਹਿਲਕਦਮੀ ਹੋਣ ਦਾ ਦਾਅਵਾ ਕਰਦਾ ਹੈ, ਉਹ ਵੀ ਉਹ ਫ਼ੈਸਲਾ ਸੀ ਜੋ ਮੇਰੀ ਸਰਕਾਰ ਲਾਗੂ ਕਰਨ ਦੇ ਤਰੀਕੇ ਅਤੇ ਸਾਧਨ ਲੱਭਣ 'ਤੇ ਕੰਮ ਕਰ ਰਹੀ ਸੀ।" ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਵਜੋਂ ਮਨਪ੍ਰੀਤ ਬਾਦਲ ਨੇ ਫੰਡ ਨਾ ਹੋਣ ਦਾ ਦਾਅਵਾ ਕਰਕੇ ਉਨ੍ਹਾਂ ਦੀ ਬਹੁਤ ਸਾਰੀਆਂ ਸਕੀਮਾਂ ਅਤੇ ਯੋਜਨਾਵਾਂ ਨੂੰ ਛਿੱਕੇ ਟੰਗ ਦਿੱਤਾ ਸੀ, ਜੋ ਹੁਣ ਜਾਪਦਾ ਹੈ ਕਿ ਸਰਾਸਰ ਝੂਠ ਸੀ।


ਕੋਈ ਵੀ ਮੌਜੂਦਾ ਕਾਂਗਰਸੀ ਵਿਧਾਇਕ ਪੀਐਲਸੀ ਵਿੱਚ ਸ਼ਾਮਲ ਕਿਉਂ ਨਹੀਂ ਹੋ ਰਿਹਾ, ਇਸ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸਿਰਫ਼ ਟਿਕਟਾਂ ਦੇ ਐਲਾਨ ਲਈ ਕਾਂਗਰਸ ਪਾਰਟੀ ਦੀ ਉਡੀਕ ਕਰ ਰਹੇ ਹਨ, ਜਿਸ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ ਕਿਉਂਕਿ ਕਾਂਗਰਸ ਆਪਣੇ ਵਿਧਾਇਕਾਂ ਨੂੰ ਖੋਣ ਤੋਂ ਡਰ ਰਹੀ ਹੈ।

0 comments
bottom of page