top of page
  • globalnewsnetin

ਰਾਮ ਕਥਾ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ,ਅੱਜ ਮੁੱਖ ਮਹਿਮਾਨ ਹਰਿਆਣਾ ਦੇ ਮੁੱਖ ਮੰਤਰੀ


ਚੰਡੀਗੜ, : ਸ੍ਰੀ ਰਾਮ ਕਥਾ ਦੇ ਦੂਜੇ ਦਿਨ ਪੰਜਾਬ ਰਾਜਭਵਨ ਚੰਡੀਗੜ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਪਹੰੁਚੇ ਅਤੇ ਦੀਪ ਜਗਾਇਆ । ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ। ਕਥਾ-ਵਾਚਕ ਸ੍ਰੀ ਵਿਜੈ ਕੌਸ਼ਲ ਨੇ ਸ਼ਾਲ ਭੇਂਟ ਕਰ ਕੇ ਮੁੱਖ ਮਹਿਮਾਨ ਨੂੰ ਆਸ਼ੀਰਵਾਦ ਦਿੱਤਾ।

ਇਸ ਦੌਰਾਨ ਵਿਚਾਰ ਪ੍ਰਗਟ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਸ੍ਰੀ ਰਾਮ ਕਥਾ ਸੁਣਨ ਦਾ ਸੱਦਾ ਦਿੱਤਾ ਗਿਆ। ਉਨਾਂ ਕਿਹਾ ਕਿ ਮੈਨੰੰੂ ਉਨਾਂ ਬੀਤੇ ਹੋਏ ਦਿਨਾਂ ਦੀ ਯਾਦ ਤਾਜ਼ਾ ਹੋ ਗਈ ਹੈ ਜਦੋਂ ਅਸੀਂ ਪਿੰਡ ਦੇ ਸਾਰੇ ਲੋਕ ਇੱਕ ਥਾਂ ਬੈਠ ਕੇ ਟੀਵੀ ਤੇ ਰਾਮਾਇਣ ਦੇਖਿਆ ਕਰਦੇ ਸੀ। ਰਾਮਲੀਲਾ ਗਰਾਊਂਡ ਵਿੱਚ ਅਸੀਂ ਇੱਟ ਉੱਤੇ ਨਿਸ਼ਾਨ ਲਗਾ ਕੇ ਸੀਟ ਰਾਖਵੀਂ ਕਰਦੇ ਸੀ ਤਾਂ ਜੋ ਰਾਮਲੀਲਾ ਨੇੜਿਓ ਦੇਖਿਆ ਜਾ ਸਕੇ। ਉਨਾਂ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਦੇ ਸੰਪੂਰਨ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ; ਸਾਨੂੰ ਉਨਾਂ ਦੀਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ।

ਸ੍ਰੀ ਰਾਮ ਕਥਾ ਕਰਦੇ ਹੋਏ ਕਥਾ ਵਾਚਕ ਸ੍ਰੀ ਵਿਜੈ ਕੌਸ਼ਲ ਮਹਾਰਾਜ ਨੇ ਭਗਤ-ਭਗਵਾਨ ਦੇ ਪ੍ਰਸੰਗ ਸੁਣਾਏ । ਉਨਾਂ ਨੇ ਕਿਹਾ ਕਿ ਭਗਵਾਨ ਖੋਜੇ ਨਹੀਂ ਜਾਂਦੇ, ਸਿਮਰੇ ਜਾਂਦੇ ਹਨ। ਭਗਵਾਨ ਦਾ ਕੋਈ ਰੂਪ ਨਹੀਂ ਹੁੰਦਾ, ਕੋਈ ਟਿਕਾਣਾ ਨਹੀਂ ਹੁੰਦਾ। ਜਿਸਨੇ ਨੇ ਵੀ ਦਿਲੋਂ ਭਗਵਾਨ ਦਾ ਨਾਮ ਲਿਆ ਭਗਵਾਨ ਉਥੇ ਹੀ ਪ੍ਰਗਟ ਹੋ ਗਏ। ਭਗਵਾਨ ਨੂੰ ਭਗਤ ਜਿਵੇਂ ਨਚਾੳਂਦੇ ਨੇ ਉਹ ਉਵੇਂ ਹੀ ਨੱਚਦੇ ਹਨ। ਭਗਵਾਨ ਨੇ ਭਗਤਾਂ ਲਈ ਅਨੇਕਾਂ ਕਾਰਜ ਕੀਤੇ, ਅਰਜਨ ਦਾ ਰੱਥ ਹੱਕਿਆ, ਦਰੋਪਤੀ ਦਾ ਚੀਰ ਹਰਨ ਹੋਣ ਤੋਂ ਬਚਾਇਆ। ਅਜਿਹੇ ਅਨੇਕਾਂ ਕਾਰਜ ਭਗਵਾਨ ਨੇ ਭਗਤਾਂ ਵਾਸਤੇ ਖੁਦ ਕੀਤੇ। ਧੰਨੇ ਜੱਟ ਦੀ ਵੀ ਉਨਾਂ ਨੇ ਕਥਾ ਸੁਣਾਈ ਅਤੇ ਕਿਹਾ ਕਿ ਧੰਨਾ ਜੱਟ ਦੇ ਪ੍ਰੇਮ ਵਸ ਹੋ ਕੇ ਖੁਦ ਭਗਵਾਨ ਨੇ ਮਜਦੂਰ ਬਣਕੇ ਉਸਦੀ ਨੌਕਰੀ ਵੀ ਕੀਤੀ। ਉਨਾਂ ਨੇ ਕਿਹਾ ਕਿ ਭਗਵਾਨ ਨੂੰ ਪਿਆਰ ਅਤੇ ਭਗਤੀ ਦੁਆਰਾ ਖੁਸ਼ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਗ੍ਰੰਥ ਹੀ ਭਗਵਾਨ ਹੈ। ਗ੍ਰੰਥ ਸਾਕਸ਼ਾਤ ਠਾਕੁਰ ਜੀ ਦਾ ਹੀ ਰੂਪ ਹਨ। ਤੁਹਾਨੂੰ ਕਿਹੜਾ ਭਗਵਾਨ ਪਿਆਰਾ ਹੈ, ਉਸਦੇ ਪ੍ਰਤੀ ਸਮਰਪਿਤ ਹੋ ਜਾਓ। ਭਗਵਾਨ ਦੋ ਕੰਮ ਨਹੀਂ ਕਰ ਸਕਦੇ। ਪਹਿਲਾ ਕੰਮ ਉਹ ਆਪਣਾ ਰੂਪ ਨਹੀਂ ਬਣਾ ਸਕਦੇ ਅਤੇ ਦੂਜਾ ਕੰਮ ਉਹ ਆਪਣਾ ਨਾਮ ਨਹੀਂ ਰੱਖ ਸਕਦੇ। ਜਿਹੋ ਜਿਹੀਆਂ ਵੀ ਮੂਰਤੀਆਂ ਬਣਕੇ ਆਉਂਦੀਆਂ ਹਨ ਭਗਵਾਨ ਸਵੀਕਾਰ ਕਰ ਲੈਂਦੇ ਹਨ। ਭਗਤ ਨਿਰਾਕਾਰ ਭਗਵਾਨ ਨੂੰ ਸਾਕਾਰ ਰੂਪ ਦਿੰਦੇ ਹਨ। ਕਿਸ ਰੂਪ ਵਿੱਚ ਅਤੇ ਕਿਸ ਨਾਮ ਨਾਲ ਭਗਤ ਨੇ ਭਗਵਾਨ ਦੇ ਦਰਸ਼ਨ ਕਰਨੇ ਹਨ ਇਹ ਭਗਤ ਹੀ ਫੈਸਲਾ ਕਰਦਾ ਹੈ। ਭਗਵਾਨ ਭਗਤ ਦੀਆਂ ਭਾਵਨਾਵਾਂ ਨੂੰ ਦੇਖਦੇ ਹਨ। ਜਿਹੋ ਜਿਹੀ ਭਗਤ ਦੀ ਭਾਵਨਾ ਹੁੰਦੀ ਹੈ ਭਗਵਾਨ ਉਹੋ ਜਿਹਾ ਰੂਪ ਧਾਰ ਲੈਂਦੇ ਹਨ। ਉਨਾਂ ਭਗਵਾਨ ਦੀ ਉਸਤਤ ਵਿੱਚ ਭਜਨ ਗਾਏ।

ਇਸ ਮੌਕੇ ਐਡੀਸ਼ਨਲ ਸਾਲਿਸਿਟਰ ਜਨਰਲ ਆਫ ਇੰਡੀਆ, ਸ੍ਰੀ ਸਤਪਾਲ ਜੈਨ, ਪੰਜਾਬ ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ, ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨਿਰੂਧ ਤਿਵਾੜੀ, ਡੀ.ਜੀ.ਪੀ. ਚੰਡੀਗੜ ਸ੍ਰੀ ਪ੍ਰਵੀਰ ਰੰਜਨ, ਸਾਬਕਾ ਆਈਏਐਸ ਅਧਿਕਾਰੀ ਸ੍ਰੀ ਸੁਰੇਸ਼ ਕੁਮਾਰ ਸਮੇਤ ਪੰਜਾਬ, ਚੰਡੀਗੜ ਅਤੇ ਹਰਿਆਣਾ ਦੇ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ ਅਤੇ ਸ੍ਰੀ ਰਾਮ ਕਥਾ ਸਰਵਣ ਕੀਤੀ।

ਅੱਜ ਕਥਾ ਦੇ ਮੁੱਖ ਮਹਿਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਣਗੇ।

0 comments
bottom of page