top of page

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਬਿਤ ਪਏ ਕਾਰਜ ਮੁਕੰਮਲ ਕਰਨ ਦੇ ਹੁਕਮ

ਚੰਡੀਗੜ, : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲੇ ਸਮਾਗਮਾਂ ਦੀ ਸਮਾਪਤੀ ਦੇ ਨੇੜੇ ਪਹੁੰਚਣ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਾਰੇ ਵਿਭਾਗਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਦੀ ਯਾਦ ਵਿੱਚ ਆਰੰਭੇ ਜਾ ਚੁੱਕੇ ਕਾਰਜਾਂ ਦੇ ਲੰਬਿਤ ਕੰਮ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਨੇ ਇਸ ਸਮੇਂ ਦੌਰਾਨ 65 ਪਿੰਡਾਂ ਵਿੱਚ ਪੂਰੇ ਹੋਏ 550 ਪ੍ਰਾਜੈਕਟਾਂ ਨੂੰ ਵਿਸ਼ੇਸ਼ ਤੌਰ ’ਤੇ ਉਜਾਗਰ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਮਹੀਨੇ ਦੇ ਅੰਤ ਵਿਚ ਤਿੰਨ ਦਿਨਾ ਸਮਾਪਤੀ ਸਮਾਰੋਹ ਕਰਵਾਏ ਜਾਣਗੇ ਜੋ 30 ਨਵੰਬਰ ਨੂੰ ਸਮਾਪਤ ਹੋਣਗੇ ਅਤੇ ਮੁੱਖ ਮੰਤਰੀ ਪਹਿਲੇ ਸਿੱਖ ਗੁਰੂ ਸਾਹਿਬ ਜੀ ਨਾਲ ਸਬੰਧਤ ਇਤਿਹਾਸਕ ਕਸਬਿਆਂ ’ਤੇ ਨਤਮਸਤਕ ਹੋਣ ਲਈ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਜਾਣਗੇ। ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰੇ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਵੱਖ-ਵੱਖ ਵਿਭਾਗਾਂ ਨੂੰ ਕਿਹਾ ਕਿ ਉਹ ਸੂਬੇ ਵਿਚ ਕੋਵਿਡ-19 ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ, ਜ਼ਿਆਦਾ ਭੀੜ ਵਾਲੇ ਸਮਾਗਮਾਂ ਤੋਂ ਬਚਣ ਅਤੇ ਇਸ ਦੀ ਬਜਾਏ ਵਰਚੁਅਲ/ਡਿਜੀਟਲ ਸਮਾਗਮਾਂ ਦਾ ਆਯੋਜਨ ਕਰਨ। ਉਨਾਂ ਨੇ ਵਿਭਾਗਾਂ ਨੂੰ ਸਾਲ ਭਰ ਚੱਲੇ ਸਮਾਗਮਾਂ ਦੌਰਾਨ 65 ਪਿੰਡਾਂ ਵਿੱਚ ਮੁਕੰਮਲ ਹੋਏ 550 ਪ੍ਰਾਜੈਕਟਾਂ ਨੂੰ ਦਰਸਾਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਵਰਚੁਅਲ ਮੀਟਿੰਗ ਵਿਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਤਿ੍ਰਪਤ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ’ਤੇ ਅਧਾਰਤ ਇਕ ‘ਕੌਫੀ ਟੇਬਲ’ ਬੁੱਕ ਵੀ ਜਾਰੀ ਕੀਤੀ ਗਈ। 89 ਪੰਨਿਆਂ ਦੀ ਇਸ ਪੁਸਤਕ ਵਿਚ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ 5 ਨਵੰਬਰ ਤੋਂ 12 ਨਵੰਬਰ, 2019 ਤੱਕ ਹੋਏ ਮੁੱਖ ਸਮਾਗਮਾਂ ਸਮੇਤ ਸਾਲ ਭਰ ਦੇ ਸਮਾਰੋਹ ਦੇ ਸਾਰੇ ਵਿਸ਼ੇਸ਼ ਸਮਾਗਮਾਂ ਨੂੰ ਦਰਸਾਇਆ ਗਿਆ ਹੈ। ਇਨਾਂ ਸਮਾਗਮਾਂ ਵਿਚ ਪਵਿੱਤਰ ਸ਼ਹਿਰਾਂ ਦਾ ਮੁਹਾਂਦਰਾ ਬਦਲਣਾ ਅਤੇ ਇਸ ਇਤਿਹਾਸਕ ਮੌਕੇ ਨੂੰ ਸਮਰਪਿਤ ਬੁਨਿਆਦੀ ਢਾਂਚਾ ਦੇ ਵਿਕਾਸ ਸਬੰਧੀ ਕਈ ਹੋਰ ਕਾਰਜ ਸ਼ਾਮਲ ਹਨ। ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰਾਜੈਕਟਾਂ ਨੂੰ ਵੀ ਇਸ ਕਿਤਾਬ ਵਿਚ ਉਜਾਗਰ ਕੀਤਾ ਗਿਆ ਹੈ। ਇਨਾਂ ਵਿਚ ਵਿਸ਼ੇਸ਼ ਵਿਧਾਨ ਸਭਾ ਸੈਸ਼ਨ, ਹੈਰੀਟੇਜ ਵਾਕ, ਡਿਜੀਟਲ ਅਜਾਇਬ ਘਰ, 76 ਲੱਖ ਬੂਟੇ ਲਗਾਉਣਾ ਅਤੇ ਪਾਵਨ ਕਾਲੀ ਬੇਈਂ ਦੀ ਸਫਾਈ ਕਰਨਾ ਸ਼ਾਮਲ ਹੈ। ਕਿਤਾਬ ਵਿਚ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਰ ਗਤੀਵਿਧੀਆਂ/ਪ੍ਰੋਗਰਾਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਦੋਵਾਂ ਥਾਵਾਂ ‘ਤੇ ਬਣੀ ਵਿਸ਼ਾਲ ਟੈਂਟ ਸਿਟੀ, ਐਂਬੂਲੈਂਸਾਂ ਲਈ  ਗ੍ਰੀਨ ਰੂਟ, ਕੀਰਤਨ ਦਰਬਾਰ, ਡਿਜੀਟਲ ਪ੍ਰਦਰਸ਼ਨੀ, ਨਾਨਕ ਬਗੀਚੀਆਂ, ਗਲੋਬਲ ਕਬੱਡੀ ਮੈਚ ਅਤੇ ਗਣਤੰਤਰ ਦਿਵਸ ਸਬੰਧੀ  ਝਾਕੀ ਆਦਿ  ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੌਫੀ ਟੇਬਲ ਬੁੱਕ ਇਸ ਪਵਿੱਤਰ ਮੌਕੇ ਦੀਆਂ ਯਾਦਾਂ ਨੂੰ ਬਰਕਰਾਰ ਰੱਖੇਗੀ ਅਤੇ ਸੂਬਾ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਮਨਾਉਣ ਹਿੱਤ ਅਰੰਭੇ ਗਏ ਸਾਰੇ ਵਿਸ਼ੇਸ਼ ਭਾਗਾਂ ਲਈ ਜਾਣਕਾਰੀ ਦਾ ਸੋਮਾ ਸਾਬਤ ਹੋਵੇਗੀ। ਇਹ ਕਿਤਾਬ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਦੀ ਪ੍ਰਕਾਸ਼ਨਾ ਕੰਟਰੋਲਰ ਪਿ੍ਰੰਟਿੰਗ ਤੇ ਸਟੇਸ਼ਨਰੀ ਪੰਜਾਬ ਵਲੋਂ ਕੀਤੀ ਗਈ ਹੈ।

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਬਿਤ ਪਏ ਕਾਰਜ ਮੁਕੰਮਲ ਕਰਨ ਦੇ ਹੁਕਮ
bottom of page