top of page
  • globalnewsnetin

ਪੰਜਾਬ ਵੱਲੋਂ ਵਿੱਤੀ ਸਾਲ 2022-23 ਦੌਰਾਨ ਆਬਕਾਰੀ ਤੋਂ ਮਾਲੀਏ ਵਿੱਚ 2587 ਕਰੋੜ (41.41 ਫੀਸਦੀ) ਦਾ ਮਿਸਾਲੀ ਵਾਧਾ ਦਰਜ


ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਦੇ ਆਬਕਾਰੀ ਵਿਭਾਗ ਨੇ ਵਿੱਤੀ ਸਾਲ 2021-2022 ਦੇ ਮੁਕਾਬਲੇ ਵਿੱਤੀ ਸਾਲ 2022-23 ਦੌਰਾਨ ਮਾਲੀਏ ਵਿੱਚ ਇਤਿਹਾਸਕ 2587 ਕਰੋੜ ਰੁਪਏ (41.41 ਫੀਸਦ) ਵਾਧਾ ਦਰਜ ਕੀਤਾ ਹੈ। ਉਨਾਂ ਕਿਹਾ ਕਿ ਆਬਕਾਰੀ ਵਿਭਾਗ ਨੇ ਵਿੱਤੀ ਸਾਲ 2021-22 ਦੌਰਾਨ 6254.74 ਕਰੋੜ ਰੁਪਏ ਦੇ ਨਿਸਬਤ ਸਾਲ 2022-2023 ਦੌਰਾਨ ਸ਼ਰਾਬ ਦੀ ਵਿਕਰੀ ਤੋਂ 8841.4 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ।


ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 41.41 ਫੀਸਦੀ ਦੀ ਰਿਕਾਰਡ ਵਿਕਾਸ ਦਰ ਨਵੀਂ ਆਬਕਾਰੀ ਨੀਤੀ ਨੂੰ ਸਮਰਪਿਤ ਕੀਤੀ । ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੂਬੇ ਵਿੱਚ ਆਬਕਾਰੀ ਉਗਰਾਹੀ ਵਿੱਚ ਮਾਲੀਏ ਦਾ ਬਹੁਤ ਘੱਟ ਵਾਧਾ ਦਰਜ ਕੀਤਾ ਗਿਆ ਸੀ ਅਤੇ ਕਈ ਵਾਰ ਸੂਬੇ ਵਿੱਚ ਆਬਕਾਰੀ ਉਗਰਾਹੀ ਵਿੱਚ ਨਾਂਹ-ਪੱਖੀ ਘਾਟਾ ਵੀ ਦੇਖਿਆ ਗਿਆ ।


ਅੰਕੜੇ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਵਿੱਤੀ ਸਾਲ 2021-22 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 6254.74 ਕਰੋੜ ਰੁਪਏ ਦੀ ਉਗਰਾਹੀ ਦੇ ਨਾਲ -1.2 ਫੀਸਦੀ ਦੀ ਨਕਾਰਾਤਮਕ ਵਾਧਾ ਦਰ ਰਿਕਾਰਡ ਕੀਤੀ ਗਈ ਸੀ।


ਸਾਲ 2020-21 ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ 6335 ਕਰੋੜ ਦੇ ਅੰਕੜੇ ਦੇ ਨਾਲ 23.7% ਦਾ ਵਾਧਾ ਹੋਇਆ ਹੈ। ਪਰ 2019-20 ਵਿੱਚ 5117 ਕਰੋੜ ਰੁਪਏ ਦੀ ਵਸੂਲੀ ਨਾਲ -0.7 ਫੀਸਦ ਦਾ ਨਕਾਰਾਤਮਕ ਵਾਧਾ ਦਰਜ ਕੀਤਾ ਗਿਆ ਸੀ, 2018-19 ਵਿੱਚ 5155.86 ਕਰੋੜ ਦੀ ਇਕੱਤਰਤਾ ਨਾਲ .33 ਪ੍ਰਤੀਸਤ ਵਾਧਾ ਹੋਇਆ ਸੀ । ਇਸੇ ਤਰਾਂ 2017-18 ਵਿੱਚ 5139 ਕਰੋੜ ਦੀ ਵਸੂਲੀ ਦੇ ਨਾਲ 16.6 ਪ੍ਰਤੀਸਤ ਵਾਧਾ ਅਤੇ 2016-17 ਵਿੱਚ ਪਿਛਲੇ ਸਾਲਾਂ ਦੇ ਸਬੰਧ ਵਿੱਚ 4406 ਕਰੋੜ ਦੀ ਉਗਰਾਹੀ ਨਾਲ ਫੇਰ ਨਕਾਰਾਤਮਕ -8.15 ਪ੍ਰਤੀਸ਼ਤ ਵਾਧਾ ਦੇਖਿਆ ਗਿਆ ਸੀ।


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਡਵੋਕੇਟ ਚੀਮਾ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਸਾਲ 2023-24 ਲਈ ਰਿਟੇਲ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਵੀ ਸਫਲਤਾਪੂਰਵਕ ਮੁਕੰਮਲ ਕਰ ਲਈ ਹੈ। ਵਿੱਤ ਮੰਤਰੀ ਨੇ ਕਿਹਾ ਕਿ 171 ਆਬਕਾਰੀ ਸਮੂਹਾਂ ਦੀ ਅਲਾਟਮੈਂਟ ਸਬੰਧੀ ਪ੍ਰਕਿਰਿਆ 11 ਮਾਰਚ, 2023 ਨੂੰ ਆਰੰਭੀ ਗਈ ਸੀ ਜੋ ਕਿ 31 ਮਾਰਚ 2023 ਨੂੰ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ। ਉਨਾਂ ਕਿਹਾ ਕਿ ਵਿਭਾਗ ਨੇ 7989 ਕਰੋੜ ਰੁਪਏ ਦੀ ਡਿਸਕਵਰਡ ਲਾਇਸੈਂਸ ਫੀਸ ਦੇ ਨਿਰਧਾਰਤ ਟੀਚੇ ਨੂੰ ਪਾਰ ਕਰ ਲਿਆ ਹੈ ਅਤੇ ਵਿੱਤੀ ਸਾਲ 2023-24 ਲਈ 8007.45 ਕਰੋੜ ਰੁਪਏ ਦੀ ਡਿਸਕਵਰਡ ਲਾਇਸੈਂਸ ਫੀਸ ਦੀ ਰਕਮ ਪ੍ਰਾਪਤ ਕਰ ਲਈ ਹੈ। ਉਨਾਂ ਕਿਹਾ ਕਿ ਆਬਕਾਰੀ ਵਿਭਾਗ ਨੇ ਸਾਲ 2023-24 ਲਈ ਕੁੱਲ 9754 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ ਪਰ ਉਨਾਂ ਨੂੰ ਭਰੋਸਾ ਹੈ ਕਿ ਵਿਭਾਗ 2023-24 ਲਈ ਕੁੱਲ 10,000 ਕਰੋੜ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਲਵੇਗਾ।

0 comments
bottom of page