top of page
  • globalnewsnetin

ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਦਿੱਤੀ ਇਕ ਹੋਰ ਗਾਰੰਟੀ ਪੂਰੀ ਕੀਤੀ, ਹੁਣ 5.50 ਰੁਪਏ ਕਿਊਬਕ ਫੁੱਟ ਮਿਲੇਗੀ ਸਸਤੀ ਰੇਤਾ


ਗੋਰਸੀਆ ਖਾਨ ਮੁਹੰਮਦ (ਲੁਧਿਆਣਾ), : ਲੋਕਾਂ ਨੂੰ ਵਾਜਬ ਕੀਮਤਾਂ ਉਤੇ ਰੇਤਾ ਅਤੇ ਬੱਜਰੀ ਸਪਲਾਈ ਕਰਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਤਿਹਾਸਕ ਫੈਸਲਾ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 16 ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਜਿਸ ਨਾਲ ਹੁਣ ਇਨ੍ਹਾਂ ਖੱਡਾਂ ਤੋਂ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੇ ਭਾਅ ਰੇਤਾ ਮਿਲੇਗੀ।

ਸੂਬੇ ਦੇ 7 ਜ਼ਿਲ੍ਹਿਆਂ ਵਿਚ ਫੈਲੀਆਂ 16 ਜਨਤਕ ਖੱਡਾਂ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਸਰਕਾਰ ਨੇ ਲੋਕਾਂ ਨੂੰ ਦਿੱਤੀ ਇਕ ਹੋਰ ਗਾਰੰਟੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਦਬਦਬਾ ਬਣਾ ਕੇ ਲੋਕਾਂ ਨੂੰ ਡਰਾਉਣ-ਧਮਕਾਉਣ ਵਾਲੇ ਰੇਤ ਮਾਫੀਏ ਨੂੰ ਸੂਬਾ ਸਰਕਾਰ ਨੇ ਜੜ੍ਹੋਂ ਖਤਮ ਕਰ ਦਿੱਤਾ ਹੈ ਤਾਂ ਕਿ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਈ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਹੁਣ ਹਰੇਕ ਜਨਤਕ ਖੱਡ ਤੋਂ 5.50 ਰੁਪਏ ਕਿਊਬਕ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗੀ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਹਾਸਲ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਜਨਤਕ ਖੱਡਾਂ ਤੋਂ ਰੇਤਾ ਦੀ ਸਿਰਫ ਹੱਥੀਂ ਖੁਦਾਈ ਕਰਨੀ ਹੋਵੇਗੀ ਅਤੇ ਰੇਤਾ ਦੀ ਮਸ਼ੀਨੀ ਖੁਦਾਈ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਰੇਤ ਠੇਕੇਦਾਰ ਨੂੰ ਇਹ ਜਨਤਕ ਖੱਡਾਂ ਚਲਾਉਣ ਦੀ ਆਗਿਆ ਨਹੀਂ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਜਨਤਕ ਖੱਡਾਂ ਵਾਲੀਆਂ ਥਾਵਾਂ ਤੋਂ ਰੇਤਾ ਸਿਰਫ ਗੈਰ-ਵਪਾਰਕ ਪ੍ਰਾਜੈਕਟਾਂ ਦੀ ਉਸਾਰੀ ਲਈ ਵਰਤਣ ਵਾਸਤੇ ਹੀ ਵੇਚੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਰੇਤਾ ਦੀ ਵਿਕਰੀ ਸੂਰਜ ਡੁੱਬਣ ਤੱਕ ਹੀ ਹੋਵੇਗੀ ਅਤੇ ਹਰੇਕ ਜਨਤਕ ਖੱਡ ਵਾਲੀ ਥਾਂ 'ਤੇ ਰੇਤ ਕੱਢੇ ਜਾਣ ਨੂੰ ਨਿਯਮਤ ਕਰਨ ਲਈ ਇੱਕ ਸਰਕਾਰੀ ਅਧਿਕਾਰੀ ਹਮੇਸ਼ਾ ਮੌਜੂਦ ਰਹੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਐਪ ਵੀ ਬਣਾਈ ਹੈ ਜੋ ਲੋਕਾਂ ਨੂੰ ਜਨਤਕ ਖੱਡਾਂ ਵਾਲੀਆਂ ਥਾਵਾਂ ਬਾਰੇ ਪੂਰੀ ਜਾਣਕਾਰੀ ਦੇਵੇਗੀ ਅਤੇ ਇੱਥੋਂ ਤੱਕ ਕਿ ਆਨਲਾਈਨ ਭੁਗਤਾਨ ਦੀ ਸਹੂਲਤ ਵੀ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ 16 ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ ਅਤੇ ਅਗਲੇ ਮਹੀਨੇ ਤੱਕ ਸੂਬੇ ਭਰ ਵਿੱਚ ਅਜਿਹੀਆਂ 50 ਹੋਰ ਖੱਡਾਂ ਚਾਲੂ ਹੋ ਜਾਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿਚ ਇੱਕ ਐਪ ਲਾਂਚ ਕੀਤੀ ਗਈ ਹੈ ਜੋ ਗੂਗਲ ਮੈਪਸ ਨਾਲ ਜੁੜੀ ਹੋਵੇਗੀ ਅਤੇ ਵਿਅਕਤੀ ਨੂੰ ਨੇੜੇ ਦੀ ਜਨਤਕ ਖੱਡ ਬਾਰੇ ਜਾਣੂੰ ਕਰਵਾਏਗੀ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਸਤੀ ਰੇਤ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਅਤੇ ਠੇਕੇਦਾਰਾਂ ਅਤੇ ਟਰਾਂਸਪੋਰਟਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਰੋਕਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਪੇਂਡੂ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਕਿਉਂਕਿ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਮਜ਼ਦੂਰ ਇਸ ਕੰਮ ਵਿਚ ਵਿੱਚ ਲੱਗੇ ਹੋਣਗੇ, ਜਿਸ ਨਾਲ ਉਨ੍ਹਾਂ ਦੀ ਆਮਦਨ ਵਧੇਗੀ।

0 comments
bottom of page