top of page
  • globalnewsnetin

ਮੁੱਖ ਮੰਤਰੀ ਵੱਲੋਂ ਨੌਜਵਾਨਾਂ ਅੰਦਰ ਛੁਪੀ ਹੋਈ ਪ੍ਰਤਿਭਾ ਉਜਾਗਰ ਕਰਨ ਲਈ ਵੈੱਬ ਚੈਨਲ ‘ਰੰਗਲਾ ਪੰਜਾਬ’ ਦੀ ਸ਼ੁਰੂਆਤ


ਚੰਡੀਗੜ੍ਹ, : ਸੂਬਾ ਭਰ ਵਿਚ ਛੁਪੀ ਹੋਈ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੈੱਬ ਚੈਨਲ ‘ਰੰਗਲਾ ਪੰਜਾਬ’ (ranglapunjab.in) ਦੀ ਵਰਚੂਅਲ ਤੌਰ ਉਤੇ ਸ਼ੁਰੂਆਤ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਚੈਨਲ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਪਾਸਾਰ ਕਰਨ ਵਿੱਚ ਸਹਾਈ ਸਿੱਧ ਹੋਵੇਗਾ ਅਤੇ ਉੱਭਰ ਰਹੇ ਕਲਾਕਾਰਾਂ ਨੂੰ ਗਾਇਕੀ, ਡਾਂਸਿੰਗ ਅਤੇ ਕਲਾ ਤੇ ਸੱਭਿਆਚਾਰ ਦੀਆਂ ਹੋਰ ਵੰਨਗੀਆਂ ਵਿਚ ਆਪਣੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦੇ ਅਥਾਹ ਮੌਕੇ ਮੁਹੱਈਆ ਕਰਵਾਏਗਾ।

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਰੰਗਲਾ ਪੰਜਾਬ’ ਚੈਨਲ ਪੰਜਾਬੀ ਤੇ ਹਿੰਦੀ ਫਿਲਮ ਅਤੇ ਸੰਗੀਤ ਇੰਡਸਟਰੀ ਵਿਚ ਪ੍ਰਤਿਭਾਸ਼ਾਲੀ ਕਲਾਕਾਰਾਂ ਲਈ ਨਵੇਂ ਦਿਸਹੱਦੇ ਕਾਇਮ ਕਰੇਗਾ ਅਤੇ ਇਨ੍ਹਾਂ ਦੀਆਂ ਪ੍ਰਤਿਭਾਵਾਂ ਨਾਲ ਉੱਘੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਪ੍ਰਤਿਭਾ ਦੇ ਨਵੇਂ ਮੌਕਿਆਂ ਨੂੰ ਚੁਣਨ ਦਾ ਰਸਤਾ ਖੁੱਲ੍ਹ ਸਕਦਾ ਹੈ। ਉਨ੍ਹਾਂ ਨੇ ਗਾਇਕੀ ਅਤੇ ਸਾਜ਼-ਸੰਗੀਤ ਦੇ ਨਵੇਂ ਰੁਝਾਨ ਵਿਚ ਗੂੜੀ ਸਮਝ ਰੱਖਣ ਵਾਲੇ ਨੌਜਵਾਨਾਂ ਨੂੰ ‘ਹੀਰ-ਰਾਂਝਾ’, ‘ਸੋਹਣੀ-ਮਹੀਵਾਲ’ ਅਤੇ ‘ਸੱਸੀ ਪੁਨੂੰ’ ਵਰਗੀਆਂ ਪ੍ਰਸਿੱਧ ਲੋਕ ਧਾਰਾਵਾਂ ਵੀ ਗਾਉਣ ਲਈ ਆਖਿਆ ਜੋ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦਾ ਅਟੁੱਟ ਹਿੱਸਾ ਹਨ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਕੈਨੇਡਾ, ਯੂ.ਐਸ.ਏ. ਅਤੇ ਆਸਟ੍ਰੇਲੀਆ ਵਿਚ ਵਸਦੇ ਪੰਜਾਬੀ ਨੌਜਵਾਨ ਇਸ ਪਲੇਟਫਾਰਮ ਜ਼ਰੀਏ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਜਰਮਨ ਵਰਗੇ ਵਿਦੇਸ਼ੀ ਮੁਲਕ ਪੰਜਾਬੀ ਨਹੀਂ ਸਮਝਦੇ ਪਰ ਪੰਜਾਬੀ ਸੰਗੀਤ ਤੇ ਗੀਤਾਂ ਨਾਲ ਕੀਲੇ ਜਾਂਦੇ ਹਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਨਿਵੇਕਲਾ ਕਦਮ ਪੰਜਾਬੀ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇਗਾ ਅਤੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਬਿਹਤਰ ਢੰਗ ਨਾਲ ਕਰਨ ਲਈ ਵੀ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਗਾਇਕੀ ਅਤੇ ਡਾਂਸਿੰਗ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਵੈੱਬ ਚੈਨਲ ਉਤੇ ਸ਼ੇਅਰ ਕਰਨ ਤੋਂ ਪਹਿਲਾਂ ਪੰਜਾਬ ਆਰਟਸ ਕੌਂਸਲ ਦੇ ਮੈਂਬਰਾਂ ਦੀਆਂ ਮਾਹਿਰ ਕਮੇਟੀ ਵੱਲੋਂ ਵਿਸਥਾਰਤ ਸਕਰੀਨਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਵੱਖ-ਵੱਖ ਸ਼ੈਲੀਆਂ ਵਿਚ ਚੁਣੇ ਗਏ ਕਲਾਕਾਰਾਂ ਦਰਮਿਆਨ ਵੀ ਮੁਕਾਬਲਾ ਕਰਵਾਇਆ ਜਾਵੇਗਾ ਤਾਂ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਸਕੇ।

ਸ੍ਰੀ ਚੰਨੀ ਨੇ ਮੁੱਖ ਮੰਤਰੀ ਨੂੰ ਬੈੱਡ ਐਂਡ ਬਰੇਕਫਾਸਟ/ਹੋਮਸਟੇਅ ਸਕੀਮ-2021 ਤਹਿਤ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਬਾਰੇ ਵੀ ਜਾਣੂੰ ਕਰਵਾਇਆ। ਇਸ ਨਾਲ ਸੂਬੇ ਵਿਚ ਪੇਂਡੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਨਾਗਰਿਕਾਂ ਨੂੰ ਆਪਣੀਆਂ ਰਿਹਾਇਸ਼ੀ ਥਾਵਾਂ ਨੂੰ ਕਿਰਾਏ ਉਤੇ ਦੇ ਕੇ ਰੋਜ਼ਗਾਰ ਕਮਾਉਣ ਲਈ ਮੌਕਾ ਪ੍ਰਦਾਨ ਹੋਣਗੇ।

ਇਸ ਸਮਾਗਮ ਵਿਚ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਸੰਜੇ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨੇ ਸ਼ਿਰਕਤ ਕੀਤੀ।

0 comments
bottom of page