top of page
  • globalnewsnetin

ਮੁੱਖ ਮੰਤਰੀ ਵੱਲੋਂ ਸੂਬੇ ਵਿਚ ਭ੍ਰਿਸ਼ਟ-ਤੰਤਰ ਤੋਂ ਇਕ-ਇਕ ਪੈਸਾ ਵਸੂਲਣ ਦਾ ਐਲਾਨ


ਭ੍ਰਿਸ਼ਟਾਚਾਰ ਵਿੱਚ ਨੱਕੋ-ਨੱਕ ਡੁੱਬੇ ਹੋਣ ਲਈ ਵਿਰੋਧੀਆਂ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੇ ਗੱਠਜੋੜ ਪਾਸੋਂ ਲੋਕਾਂ ਦਾ ਲੁੱਟਿਆ ਹੋਇਆ ਇਕ-ਇਕ ਪੈਸਾ ਵਸੂਲਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ, “ਮੈਂ ਇਸ ਅਜ਼ੀਮ ਸਦਨ ਵਿਚ ਅਹਿਦ ਲੈਂਦਾ ਹਾਂ ਕਿ ਭ੍ਰਿਸ਼ਟ ਸਿਆਸਤਦਾਨ ਚਾਹੇ ਕਿਸੇ ਵੀ ਵੱਡੀ ਜਾਂ ਛੋਟੀ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਜਾਣ ਪਰ ਮੇਰੀ ਸਰਕਾਰ ਉਨ੍ਹਾਂ ਵੱਲੋਂ ਪੰਜਾਬ ਤੇ ਪੰਜਾਬੀਆਂ ਵਿਰੁੱਧ ਕੀਤੇ ਪਾਪ ਕਦੇ ਵੀ ਮੁਆਫ਼ ਨਹੀਂ ਕਰੇਗੀ।”

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਬਜਟ ਉਤੇ ਹੋਈ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਨੇ ਲੋਕਾਂ ਦਾ ਪੈਸਾ ਲੁੱਟਿਆ ਹੋਵੇ, ਨੂੰ ਉਸ ਦੀ ਕੀਮਤ ਚੁਕਾਉਣੀ ਪਵੇਗੀ ਅਤੇ ਸੂਬਾ ਸਰਕਾਰ ਅਜਿਹੇ ਲੋਕਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਸਾਫ-ਸੁਥਰਾ, ਪਾਰਦਰਸ਼ੀ ਅਤੇ ਪ੍ਰਭਾਵੀ ਪ੍ਰਸ਼ਾਸਨ ਮੁਹੱਈਆ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼-ਏ-ਕਦਮ ਉਤੇ ਚੱਲੇਗੀ। ਉਨ੍ਹਾਂ ਕਿਹਾ ਕਿ ਬੇਨਾਮੀ ਜਾਇਦਾਦ ਅਤੇ ਇਸ ਪਿੱਛੇ ਭ੍ਰਿਸ਼ਟ ਤੰਤਰ ਦਾ ਲੋਕਾਂ ਸਾਹਮਣੇ ਪਰਦਾਫਾਸ਼ ਕੀਤਾ ਜਾਵੇਗਾ ਤਾਂ ਕਿ ਬਾਕੀ ਲੋਕ ਅਜਿਹੀਆਂ ਗੈਰ-ਕਾਨੰਨੀ ਗਤੀਵਿਧੀਆਂ ਦਾ ਹਿੱਸਾ ਬਣਨ ਤੋਂ ਪਹਿਲਾਂ 100 ਵਾਰ ਸੋਚਣ।

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜਿਹੜੇ ਲੋਕਾਂ ਨੇ ਬੇਰਹਿਮੀ ਨਾਲ ਲੋਕਾਂ ਦਾ ਪੈਸਾ ਲੁੱਟਿਆ, ਉਹ ਲੋਕ ਹੁਣ ਆਪਣੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਤੋਂ ਬਚਣ ਲਈ ਪਨਾਹ ਲੱਭਦੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਚ ਜਿਹੜੇ ਸਿਆਸਦਾਨਾਂ ਦੇ ਨਾਮ ਤੱਕ ਨਹੀਂ ਆਏ, ਉਹ ਸਿਆਸਤਦਾਨ ਵੀ ਸ਼ਰਨ ਲੈਣ ਲਈ ਹੱਥ-ਪੈਰ ਮਾਰ ਰਹੇ ਹਨ, ਜੋ ਉਨ੍ਹਾਂ ਦੇ ਮਨਾਂ ਵਿਚ ਕੀਤੇ ਗਏ ਗੁਨਾਹਾਂ ਦੇ ਖੌਫ਼ ਨੂੰ ਦਰਸਾਉਂਦਾ ਹੈ। ਭਗਵੰਤ ਮਾਨ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਕਿਸੇ ਵੀ ਪ੍ਰਭਾਵਸ਼ਾਲੀ ਪਾਰਟੀ ਵਿੱਚ ਕਿਉਂ ਨਾ ਸ਼ਾਮਲ ਹੋ ਗਏ ਹੋਣ।


ਲੋਕਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਵਿੱਤ ਮੰਤਰੀ ਵੱਲੋਂ ਤਿਆਰ ਕੀਤੇ ਲੋਕ-ਪੱਖੀ ਬਜਟ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਜਟ ਨਾਲ ਵਿਰੋਧੀ ਧਿਰਾਂ ਜਕੋ-ਤਕੀ ਵਿਚ ਫਸੀਆਂ ਹੋਈਆਂ ਹਨ ਕਿਉਂਕਿ ਉਨ੍ਹਾਂ ਨੂੰ ਇਸ ਬਜਟ ਵਿਚ ਕੋਈ ਵੀ ਕਮੀ-ਪੇਸ਼ੀ ਲੱਭਣ ਲਈ ਮਗਜ਼ਖਪਾਈ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਟੀਮ ਨੂੰ ਵੱਡਾ ਫਤਵਾ ਦਿੱਤਾ ਹੈ ਜਿਸ ਨਾਲ ਉਸ ਟੀਚੇ ਨੂੰ ਹਾਸਲ ਕੀਤਾ ਜਾਵੇਗਾ ਜੋ ਪਿਛਲੇ 75 ਸਾਲਾਂ ਵਿਚ ਛੂਹਿਆ ਨਹੀਂ ਗਿਆ। ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਤੇ ਸਿਹਤ ਖੇਤਰਾਂ ਨੂੰ ਪਹਿਲੀ ਵਾਰ ਇਸ ਬਜਟ ਵਿਚ ਸਭ ਤੋਂ ਵੱਧ ਪ੍ਰਮੁੱਖਤਾ ਦਿੱਤੀ ਗਈ ਹੈ।

0 comments
bottom of page